Thu. Dec 7th, 2023


ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਸ਼ਮੂਲੀਅਤ ਕੀਤੀ।

ਇਸ ਮੌਕੇ ਸਿੱਖ ਕੌਮ ਦੀ ਸ਼ਲਾਘਾ ਕਰਦਿਆ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਾਸਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਯੋਗਦਾਨ ਦੀ ਦੇਣ ਦੇਸ਼ ਹਜ਼ਾਰਾਂ ਸਾਲਾਂ ਵਿਚ ਵੀ ਨਹੀਂ ਦੇ ਸਕਦਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਮੁਗਲਾਂ ਖਿਲਾਫ ਲੜਾਈ ਜਾਂ ਅੰਗਰੇਜ਼ਾਂ ਖਿਲਾਫ ਲੜਾਈ ਦੇਸ਼ ਦੀ ਵੰਡ ਹੋਵੇ ਜਾਂ ਦੇਸ਼ ਵਾਸਤੇ ਸ਼ਹਾਦਤ ਦੇਣ ਦੀ ਗੱਲ ਸਿੱਖ ਕੌਮ ਹਮੇਸ਼ਾ ਨੰਬਰ ਇਕ ’ਤੇ ਰਹੀ ਹੈ।
ਉਹਨਾਂ ਕਿਹਾ ਕਿ ਸਾਰੀ ਦੁਨੀਆਂ ਅੱਜ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚਲ ਰਹੀ ਹੈ ਜਿਹਨਾਂ ਨੇ ਉਸ ਵੇਲੇ ਲੋਕਾਂ ਨੂੰ ਰਾਹ ਵਿਖਾਇਆ ਜਦੋਂ ਸਾਰੇ ਧਰਮ ਆਪਸ ਵਿਚ ਲੜ ਰਹੇ ਸਨ। ਉਹਨਾਂ ਨੇ ਸਿੱਖ ਕੌਮ ਵੱਲੋਂ ਧਰਮ ਤੇ ਕਰਮ ਦੋਵਾਂ ਵਾਸਤੇ ਬਰਾਬਰ ਕੰਮ ਕਰਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੀ ਏ ਏ ਤਹਿਤ ਪ੍ਰਧਾਨ ਮੰਤਰੀ ਸ੍ਰੀ ਮੋਦੀ ਉਹਨਾਂ ਸਿੱਖ ਭਰਾਵਾਂ ਨੂੰ ਨਾਗਰਿਕਤਾ ਦੇਣੀ ਚਾਹੁੰਦੇ ਸਨ ਜੋ ਅਫਗਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਆਏ। ਉਹਨਾਂ ਕਿਹਾ ਕਿ ਇਸ ਪੰਥ ਨੇ ਦੇਸ਼, ਸਮਾਜ ਅਤੇ ਮਨੁੱਖਤਾ ਵਾਸਤੇ ਬਹੁਤ ਕੁਝ ਕੀਤਾ। ਉਹਨਾਂ ਕਿਹਾ ਕਿ ਦੇਸ਼ ਵਾਸਤੇ ਸਿੱਖ ਗੁਰੂਆਂ ਨੇ ਜੋ ਯੋਗਦਾਨ ਪਾਇਆ, ਉਹ ਹਜ਼ਾਰਾਂ ਸਾਲਾਂ ਵਿਚ ਵੀ ਉਸਦਾ ਦੇਣ ਨਹੀਂ ਦਿੱਤਾ ਜਾ ਸਕਦਾ।
ਸਮਾਗਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਜੱਥਿਆਂ ਨੇ ਸ੍ਰੀ ਸ਼ਾਹ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ।
ਸ੍ਰੀ ਸ਼ਾਹ ਨੇ ਕਿਹਾ ਕਿ ਇਹ ਸਿਰਫ ਸਿੱਖ ਪੰਥ ਹੀ ਹੈ ਜਿਸਦੇ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਾਜਿਕ ਅਨਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਸ਼ਹਾਦਤਾਂ ਦਿੱਤੀਆਂ। ਉਹਨਾਂ ਕਿਹਾ ਕਿ ਉਹਨਾਂ ਨੇ ਦੁਨੀਆਂ ਦਾ ਇਤਿਹਾਸ ਪੜ੍ਹਿਆ ਹੈ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੀ ਕੋਈ ਬਰਾਬਰੀ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋ ਸਾਹਿਬਜ਼ਾਦੇ ਵਾਰ ਦਿੱਤੇ ਤੇ ਫਿਰ ਵੀ ਆਖਿਆ ਕਿ ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਇਸ ਵਾਸਤੇ ਕਿਹਾ ਕਿਉਂਕਿ ਉਹ ਸਾਰੀ ਮਨੁੱਖਤਾ ਨੂੰ ਆਪਣਾ ਪਰਿਵਾਰ ਮੰਨਦੇ ਸਨ।
ਸ੍ਰੀ ਸਿਰਸਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਇਕੱਠ ਨੂੰ ਦੱਸਿਆ ਕਿ ਸ੍ਰੀ ਸਿਰਸਾ ਸਿੱਖ ਕੌਮ ਦੇ ਸਭ ਤੋਂ ਚੰਗੇ ਵਕੀਲ ਹਨ ਜੋ ਆਉਂਦੇ ਸਮੇਂ ਵਿਚ ਸਿੱਖਾਂ ਦੀ ਆਵਾਜ਼ ਬਣਨ ਵਾਲੇ ਹਨ। ਉਹਨਾਂ ਨੇ ਇਸ ਮੌਕੇ ਆਪ ਸ੍ਰੀ ਸਿਰਸਾ ਦਾ ਸਨਮਾਨ ਕੀਤਾ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਤੇ ਸ੍ਰੀ ਸ਼ਾਹ ਨੇ ਸਿੱਖ ਭਾਈਚਾਰੇ ਦੀ ਬੇਹਤਰੀ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਪੰਜ ਪ੍ਰਮੁੱਖ ਸਿੱਖਾਂ ਨੂੰ ਕੇਂਦਰੀ ਯੂਨੀਵਰਸਿਟੀਆਂ ਦੇ ਚਾਂਸਲਰ ਤੇ ਵਾਈਸ ਚਾਂਸਲਰ ਨਿਯੁਕਤ ਕੀਤਾ ਤੇ ਨਾਲ ਹੀ ਨੈਸ਼ਨਲ ਵੋਕੇਸ਼ਨਲ ਟਰੇਨਿੰਗ ਸੰਸਥਾ ਦਾ ਮੁਖੀ ਨਿਯੁਕਤ ਕੀਤਾ। ਉਹਨਾਂ ਕਿਹਾ ਕਿ ਸਿੱਖ ਕੌਮ ਉਹਨਾਂ ਲਈ ਕੀਤੇ ਕਾਰਜਾਂ ਵਾਸਤੇ ਹਮੇਸ਼ਾ ਮੋਦੀ ਸਰਕਾਰ ਦੀ ਧੰਨਵਾਦੀ ਰਹੇਗੀ। ਉਹਨੇ ਇਹ ਵੀ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਨੇ ਕਾਲਜ ਪ੍ਰੋਫੈਸਰਾਂ ਨੂੰ ਟਰੇਨਿੰਗ ਦੇਣ ਦਾ ਫੈਸਲਾ ਕੀਤਾ ਤੇ ਇਸ ਵਾਸਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਚੋਣ ਕੀਤੀ ਜਿਸ ਵਿਚ ਗੁਰੂ ਅੰਗਦ ਦੇਵ ਜੀ ਟੀਚਰ ਟਰੇਨਿੰਗ ਇੰਸਟੀਚਿਊਟ ਖੋਲ੍ਹਿਆ ਗਿਆ ਜਿਸ ਵਿਚ ਹੁਣ ਤੱਕ 80 ਹਜ਼ਾਰ ਤੋਂ ਜ਼ਿਆਦਾ ਅਧਿਆਪਕ ਸਿੱਖਲਾਈ ਲੈ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਮੋਦੀ ਸਰਕਾਰ ਨੇ ਫਾਈਬਰ ਦੇ ਖੋਜੀ ਸਰਦਾਰ ਨਰਿੰਦਰ ਸਿੰਘ ਕੰਪਨੀ ਨੂੰ ਮਰਨ ਉਪਰੰਤ ਵੀ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਤੇ ਉਹਨਾਂ ਤੋਂ ਇਲਾਵਾ ਸਰਦਾਰ ਜਤਿੰਦਰ ਸਿੰਘ ਸ਼ੰਟੀ, ਡਾ. ਰਤਨ ਸਿੰਘ ਜੱਗੀ, ਸਰਦਾਰ ਹਰਮਿੰਦਰ ਸਿੰਘ ਬੇਦੀ, ਕ੍ਰਿਕਟਰ ਗੁਰਸ਼ਰਨ ਸਿੰਘ ਬੇਦੀ ਤੇ ਹੋਰਨਾਂ ਦਾ ਸਨਮਾਨ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਐਮ ਪੀ ਸਰਦਾਰ ਤਰਲੋਚਨ ਸਿੰਘ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਤੱਕ ਪਹੁੰਚ ਦੀ ਪਹਿਲਕਦਮੀ ਕਰਨ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਹਰਿਆਣਾ ਵਿਚ 18 ਲੱਖ ਸਿੱਖ ਰਹਿੰਦੇ ਹਨ, ਰਾਜਸਥਾਨ ਵਿਚ 16 ਲੱਖ, ਦਿੱਲੀ ਵਿਚ 9 ਲੱਖ ਅਤੇ ਯੂ ਪੀ ਵਿਚ 5 ਲੱਖ ਸਿੱਖ ਰਹਿੰਦੇ ਹਨ।
ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਮਿਤ ਸ਼ਾਹ ਦਾ ਰਸਮੀ ਸਵਾਗਤ ਕੀਤਾ ਤੇ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਲਈ ਕੀਤੇ ਜਾ ਰਹੇ ਕਾਰਜਾਂ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਇਕ ਮਤਾ ਪੇਸ਼ ਕੀਤਾ ਜਿਸ ਵਿਚ ਵੱਖਵਾਦੀ ਤਾਕਤਾਂ ਦੀ ਨਿਖੇਧੀ ਕੀਤੀ ਤੇ ਸਪਸ਼ਟ ਕਿਹਾ ਗਿਆ ਕਿ ਸਿੱਖ ਕੌਮ ਹਮੇਸ਼ਾ ਦੇਸ਼ ਨਾਲ ਡੱਟ ਕੇ ਖੜ੍ਹੀ ਹੈ ਤੇ ਸਿੱਖ ਕੌਮ ਸਭ ਤੋਂ ਵੱਡੀ ਦੇਸ਼ਭਗਤ ਕੌਮ ਹੈ। ਇਸ ਮਤੇ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਸਰਦਾਰ ਸਿਰਸਾ, ਸਰਦਾਰ ਕਾਲਕਾ, ਸਰਦਾਰ ਕਾਹਲੋਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਸ਼ਾਹ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ।
ਸਮਾਗਮ ਵਿਚ ਮੰਚ ਸੰਚਾਲਨ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਬਾਖੂਬੀ ਕੀਤਾ। ਉਹਨਾਂ ਨੇ ਵੀ ਮੋਦੀ ਸਰਕਾਰ ਤੇ ਸ੍ਰੀ ਸ਼ਾਹ ਵੱਲੋਂ ਸਿੱਖ ਕੌਮ ਲਈ ਕੀਤੇ ਗਏ ਕਾਰਜਾਂ ਦੀਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਪਹੁੰਚਣ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਸਰਦਾਰ ਸਿਰਸਾ, ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨਾਲ ਰਲ ਕੇ ਸ੍ਰੀ ਅਮਿਤ ਸ਼ਾਹ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਵਿਚ ਗਿਆਨੀ ਬਲਦੇਵ ਸਿੰਘ ਜੀ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਭੁਪਿੰਦਰ ਸਿੰਘ ਅਸੰਧ ਪ੍ਰਧਾਨ ਹਰਿਆਣਾ ਕਮੇਟੀ, ਵਿਜੇ ਸਤਿਬੀਰ ਸਿੰਘ ਪ੍ਰਸ਼ਾਸਕ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਪ੍ਰਬੰਧਕੀ ਬੋਰਡ, ਬਾਬਾ ਜੋਗਾ ਸਿੰਘ,
ਬਾਬਾ ਸੁਰਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਨਰੇਲਾ, ਬਾਬਾ ਪ੍ਰੀਤਮ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਮਨਜੀਤ ਸਿੰਘ ਇੰਦੌਰ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸ਼ੈਲੰਦਰ ਸਿੰਘ ਪ੍ਰਧਾਨ ਝਾਰਖੰਡ ਸੁਰਿੰਦਰ ਸਿੰਘ ਛਾਬੜਾ, ਹਾਕਮ ਸਿੰਘ ਗਿੱਲ ਤੇ ਕੁਲਦੀਪ ਸਿੰਘ ਬੱਗਾ, ਬਾਬਾ ਮਨਮੋਹਨ ਸਿੰਘ ਬਾਰਨ, ਬਾਬਾ ਘਾਲਾ ਸਿੰਘ ਨਾਨਕਸਰ ਨੇ ਵੀ ਸ੍ਰੀ ਸ਼ਾਹ ਦਾ ਸਨਮਾਨ ਕੀਤਾ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗਿਆਨੀ ਬਲਦੇਵ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ, ਸੰਤ ਸਮਾਜ ਤੋਂ ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਸੁੱਖਾ ਸਿੰਘ ਜੀ ਡੇਰਾ ਕਾਰ ਸੇਵਾ ਕਰਨਾਲ ਵਾਲੇ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਘਾਲਾ ਸਿੰਘ ਜੀ ਗੁਰਦੁਆਰਾ ਨਾਨਕਸਰ ਸਾਹਿਬ, ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਨਰੇਲਾ ਵਾਲੇ, ਬਾਬਾ ਪ੍ਰੀਤਮ ਸਿੰਘ ਜੀ ਗੁਰਦੁਆਰਾ ਗੁਰੂ ਕਾ ਤਾਲ ਆਗਰਾ, ਸਰਦਾਰ ਹਾਕਮ ਸਿੰਘ ਗਿੱਲ ਜਨਰਲ ਸਕੱਤਰ ਗੁਰਦੁਆਰਾ ਬੁੱਢਾ ਜੋੜ ਗੰਗਾਨਗਰ ਰਾਜਸਥਾਨ, ਸਰਦਾਰ ਮਨਜੀਤ ਸਿੰਘ ਭਾਟੀਆ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਮੱਧ ਪ੍ਰਦੇਸ਼, ਸ਼ੈਲੰਦਰ ਸਿੰਘ ਪ੍ਰਧਾਨ ਕੇਂਦਰੀ ਝਾਰਖੰਡ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ, ਸਵਿੰਦਰ ਸਿੰਘ ਛਾਬੜਾ ਪ੍ਰਧਾਨ ਸਿੱਖ ਸਮਾਜ ਛਤੀਸਗੜ੍ਹ, ਕੁਲਦੀਪ ਸਿੰਘ ਬੱਗਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਹੈਦਰਾਬਾਦ, ਸਰਦਾਰ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ, ਸਰਦਾਰ ਤਰਲੋਚਨ ਸਿੰਘ ਸਾਬਕਾ ਐਮ ਪੀ,
ਜਗਜੀਤ ਸਿੰਘ ਦਰਦੀ ਚੇਅਰਮੈਨ ਟਾਈਮ ਟੀ ਵੀ, ਮੈਂਬਰ ਤਖਤ ਸ੍ਰੀ ਪਟਨਾ ਸਾਹਿਬ ਮੈਨੈਜਮੈਂਟ ਕਮੇਟੀ ਸਰਦਾਰ ਢਿੱਲੋਂ ਤੇ ਸਰਦਾਰ ਜੌਹਰ, ਹਰਿਆਣਾ ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਅਜਰਾਣਾ, ਦਿੱਲੀ ਤੇ ਹੋਰ ਨਗਰਾਂ ਤੋਂ ਸੰਗਤ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *