ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਲੀ ਦੇ ਸਵਰੂਪ ਨਗਰ ਅਧੀਨ ਆਉਂਦੇ ਲਿਬਾਸਪੁਰ ਵਿਚ ਇਕ ਸਿੰਖ ਦੀ ਦਸਤਾਰ ਲਾਹ ਕੇ ਉਸਦਾ ਆਧਾਰ ਕਾਰਡ ਬਣਾਉਣ ਲਈ ਤਸਵੀਰ ਖਿੱਚਣ ਵਾਲੇ ਮੁਲਾਜ਼ਮ ਨੂੰ ਬਰਖ਼ਾਸਤ ਕਰਵਾ ਦਿੱਤਾ ਹੈ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਸੀ ਕਿ ਲਿਬਾਸਪੁਰ ਵਿਚ ਅੱਜ ਇਕ ਸਿੱਖ ਵਿਅਕਤੀ ਜਦੋਂ ਆਧਾਰ ਕਾਰਡ ਬਣਾਉਣ ਗਿਆ ਤਾਂ ਅੱਗੇ ਮੁਲਾਜ਼ਮ ਨੇ ਕਿਹਾ ਕਿ ਸਾਨੂੰ ਹਦਾਇਤਾਂ ਹਨ ਕਿ ਜਿੰਨੇ ਵੀ ਸਿੱਖ ਆਧਾਰ ਕਾਰਡ ਬਣਵਾਉਣ ਆਉਣਗੇ ਉਹਨਾਂ ਦੀ ਦਸਤਾਰ ਲਾਹ ਕੇ ਤਾਂ ਤਸਵੀਰ ਖਿੱਚਣੀ ਹੈ। ਉਹਨਾਂ ਦੱਸਿਆ ਕਿ ਅਸ਼ੋਕ ਸਿੰਘ ਨਾਂ ਦੇ ਵਿਅਕਤੀ ਦੀ ਨੰਗੇ ਸਿਰ ਫੋਟੋ ਖਿੱਚੀ ਗਈ ਜੋ ਬਹੁਤ ਹੀ ਨਿੰਦਣਯੋਗ ਗੱਲ ਹੈ।
ਉਹਨਾਂ ਕਿਹਾ ਕਿ ਇਹ ਮਾਮਲਾ ਅਸੀਂ ਤੁਰੰਤ ਸਬੰਧਤ ਐਸ ਡੀ ਐਮ ਕੋਲ ਚੁੱਕਿਆ ਜਿਹਨਾਂ ਨੇ ਸਪਸ਼ਟ ਕੀਤਾ ਕਿ ਅਜਿਹੀ ਕੋਈ ਹੁਕਮ ਉਪਰੋਂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਇਹ ਮੰਗ ਕੀਤੀ ਕਿ ਇਸ ਵਿਅਕਤੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹ ਪਤਾ ਲਾਇਆ ਜਾਵੇ ਕਿ ਇਹ ਵਿਅਕਤੀ ਕਿਹੜੀ ਤਾਕਤ ਦੀ ਵਰਤੋਂ ਨਾਲ ਅਜਿਹਾ ਵਰਤਾਰਾ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਕਮੇਟੀ ਨੇ ਇਸ ਵਿਅਕਤੀ ਦੀਆਂ ਸੇਵਾਵਾਂ ਖਤਮ ਕਰਨ ਦੀ ਮੰਗ ਕੀਤੀ ਤਾਂ ਐਸ ਡੀ ਐਮ ਨੇ ਸਬੰਧਤ ਕੰਪਨੀ ਨੁੰ ਇਸ ਰਵੀ ਨਾਂ ਦੇ ਵਿਅਕਤੀ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਦਿੱਤੇ ਤੇ ਇਸ ਮਗਰੋਂ ਇਸਨੂੰ ਟਰਮੀਨੇਟ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਬੇਸ਼ੱਕ ਇਸ ਘਟਨਾ ਦਾ ਸਮੇਂ ਸਿਰ ਪਤਾ ਲੱਗ ਗਿਆ ਸੀ ਪਰ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਸੰਗਤ ਚੌਕਸੀ ਰੱਖੇ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਸੂਚਿਤ ਕਰੇ ਤੇ ਕਮੇਟੀ ਸੰਗਤਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਅਜਿਹੇ ਅਨਸਰਾਂ ਦੇ ਖਿਲਾਫ ਜ਼ਰੂਰ ਕਾਰਵਾਈ ਕਰਵਾਈ ਜਾਵੇਗੀ।