ਅੰਮ੍ਰਿਤਸਰ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਨੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਇਸ ਦੀ ਮਰਯਾਦਾ ’ਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਪੰਜ ਤਖ਼ਤ ਅਕਾਲ ਪੁਰਖ ਦੇ ਹਨ ਪਰ ਸਰਬਉਚ ਤਖ਼ਤ ਸ੍ਰੀ ਅਕਾਲ ਤਖ਼ਤ ਹੈ।ਦੁਨੀਆਂ ਭਰ ਵਿਚ ਵਸਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਸਿੱਖ ਰਹਿਤ ਮਰਿਯਾਦਾ ਨੂੰ ਮੰਨਦੇ ਹਨ ਤੇ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਆਪਣਾ ਜੀਵਨ ਇਸ ਮਰਿਯਾਦਾ ਦੇ ਤਹਿਤ ਬਤੀਤ ਕਰੇ।ਸ੍ਰੀ ਅਕਾਲ ਤਖ਼ਤ ਸਾਹਿਬ ਤੋ ਪ੍ਰਵਾਨਿਤ ਤੇ ਜਾਰੀ ਸਿੱਖ ਰਹਿਤ ਮਰਯਾਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਪ੍ਰਦਾਵਾਂ, ਟਕਸਾਲਾਂ, ਨਿਰਮਲਿਆਂ, ਉਦਾਸੀਆ, ਬੁੱਧੀਜੀਵੀਆਂ, ਨਿਹੰਗ ਸਿੰਘ ਜਥੇਬੰਦੀਆਂ ਆਦਿ ਨਾਲ ਵਿਚਾਰ ਕਰਕੇ ਇਕ ਸਮੁੱਚੀ ਰਾਇ ਅਨੁਸਾਰ ਇਹ ਰਹਿਤ ਮਰਯਾਦਾ ਤਿਆਰ ਕੀਤੀ ਸੀ, ਜਿਸ ’ਤੇ ਸੰਗਤਾਂ ਲੰਮੇ ਸਮੇਂ ਤੋਂ ਪਹਿਰਾ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਇਸ ਰਹਿਤ ਮਰਯਾਦਾ ’ਤੇ ਕਿੰਤੂ ਕਰਦੇ ਹਨ, ਉਨ੍ਹਾਂ ਵੱਲ ਪੰਥ ਨੂੰ ਧਿਆਨ ਦੇਣ ਦੀ ਲੋੜ ਨਹੀਂ। ਅਕਾਲ ਪੁਰਖ ਵੱਲੋਂ ਥਾਪੇ ਗਏ ਪੰਜੇ ਤਖ਼ਤ ਇਕ ਸਮਾਨ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਇਸ ਤੋਂ ਜਾਰੀ ਹਰੇਕ ਆਦੇਸ਼ ਸੰਦੇਸ਼ ਹਰ ਸਿੱਖ ਲਈ ਮੰਨਣਾ ਜ਼ਰੂਰੀ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਮਰਯਾਦਾ ’ਚ ਭਿੰਨਤਾ ਦਾ ਕਾਰਨ ਸਥਾਨਕ ਸੰਗਤਾਂ ਦੀ ਰਹਿਣੀ ਤੇ ਬਹਿਣੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਇਹ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਖ ਹਨ। ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਮਰਿਯਾਦਾ ਕਰਨ ਦਾ ਵੀ ਮਤਾ ਪਾਸ ਹੋਵੇਗਾ ਤਾਂ ਉਸ ਉੱਤੇ ਵੀ ਪਹਿਰਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਚਣੋਤੀ ਦੇਣੀ ਵੀ ਇਕ ਤਰਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨਾ ਹੈ। 1984 ਵਿਚ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ, ਅੱਜ ਕੁਝ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਚਣੋਤੀਆਂ ਦੇ ਕੇ ਸਰਕਾਰ ਦੀ ਇਕ ਪ੍ਰਕਾਰ ਦੀ ਮਦਦ ਹੀ ਕਰ ਰਹੇ ਹਨ। ਸਾਰੇ ਸਿੱਖਾਂ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਤਾਂ ਹੀ ਕੌਮ ਦੀ ਚੜਦੀ ਕਲਾ ਹੋ ਸਕਦੀ ਹੈ। ਦਿੱਲੀ ਚੋਣਾ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਹਾਰ ਤੇ ਟਿਪਣੀ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਆਪਣਾ ਫੈਸਲਾ ਸਿੱਖ ਆਗੂਆਂ ਪ੍ਰਤੀ ਦਿੱਤਾ ਹੈ। ਜਿਹੜੇ ਮੈਂਬਰਾਂ ਨੂੰ ਸੰਗਤਾਂ ਨੇ ਇਸ ਚੋਣ ਵਿਚ ਚੁਣਿਆ ਗਿਆ ਹੈ, ਉਹ ਗੁਰੂ ਦੀ ਭੈਅ ਭਾਵਨੀ ਵਿਚ ਰਹਿ ਕੇ ਸੇਵਾ ਨਿਭਾਉਣ। ਦਿੱਲੀ ਦੀਆਂ ਸੰਗਤਾਂ ਨੇ ਉਨਾਂ ਲੋਕਾਂ ਨੁੰੂੰ ਸ਼ੀਸ਼ਾ ਦਿਖਾਉਂਦਿਆਂ ਹੋਇਆ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਜੋ ਭਰਾ ਮਾਰੂ ਜੰਗ ਕਰਵਾਉਣ ਲਈ ਲਗੇ ਹੋਏ ਸਨ। ਇਹ ਦਲ ਨਹੀਂ, ਪੰਥ ਲਈ ਦਲਦਲ ਹਨ। ਉਨ੍ਹਾਂ ਕਿਹਾ ਕਿ ਜਿਸ ਗੁਰੂ ਘਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਦੁਨੀਆਂ ਭਰ ਵਿਚ ਬੈਠੀ ਸਿੱਖ ਸੰਗਤ ਰੋਜ਼ਾਨਾ ਅਰਦਾਸ ਕਰਦੀ ਹੈ, ਉਸ ਦਰ ਦੀ ਉੱਚੀ ਸੁੱਚੀ ਸੇਵਾ ਕੀਰਤਨ ਦੀ ਸੇਵਾ ਨਿਭਾਉਣ ਲਈ ਹੋਈ ਬਖ਼ਸ਼ਿਸ਼ ਨੂੰ ਠੁਕਰਾ ਕੇ ਸੜਕਾਂ ’ਤੇ ਬੈਠ ਕੇ ਕੀਰਤਨ ਦੀ ਮਰਯਾਦਾ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਵਡਾਲਾ ਨੂੰ ਸਿੱਖ ਸੰਸਥਾਵਾਂ ਵੱਲੋਂ ਪਾਲਿਆ ਗਿਆ, ਇਸ ਲਾਇਕ ਬਣਾਇਆ ਗਿਆ ਕਿ ਉਹ ਆਪਣੀ ਰੋਜ਼ੀ ਰੋਟੀ ਕਮਾ ਸਕੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਨੌਕਰੀ ਵੀ ਦਿੱਤੀ ਗਈ। ਜਿਹੜਾ ਵਿਅਕਤੀ ਇਨ੍ਹਾਂ ਸਾਰਿਆਂ ਦੀ ਪਛਾਣ ਨਹੀਂ ਕਰ ਸਕਦਾ, ਉਸ ਨੂੰ ਕਿੰਨੀ ਕੁ ਸਿਆਣਪ ਹੋਵੇਗੀ, ਇਸ ਬਾਰੇ ਸਿੱਖ ਸੰਗਤਾਂ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ। ਜਿਸ ਕਾਰਨ ਹੀ ਦਿੱਲੀ ਦੀਆਂ ਸੰਗਤਾਂ ਨੇ ਇਸ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨਾਂ ਦਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੀ ਨਵੀ ਚੁਣੀ ਗਈ ਕਮੇਟੀ ਨੂੰ ਤਖ਼ਤ ਸਾਹਿਬ ਦਾ 15 ਕਿਲੋ ਸੋਨਾ ਅਤੇ 32 ਕਰੋੜ ਦੇ ਕਰੀਬ ਐਫਡੀਆਂ ਨਾ ਸੌਂਪਣ ਅਤੇ ਗਾਇਬ ਕਰਨ ਦੀ ਸ਼ਿਕਾਇਤ ਵੀ ਤਖ਼ਤ ਸਾਹਿਬ ਕੋਲ ਪੁੱਜੀ ਹੈ। ਉਨਾਂ ਦਸਿਆ ਕਿ ਸਾਬਕਾ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਤੇ ਸਕੱਤਰ ਸ੍ਰੀ ਛਾਬੜਾ ਖਿਲਾਫ ਸ਼ਿਕਾਇਤ ਪੁੱਜੀ ਹੈ। ਇਹ ਸ਼ਿਕਾਇਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਵਾਈ ਲਈ ਭੇਜ ਦਿੱਤੀ ਹੈ। ਜਿਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੜਤਾਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ। ਗੱਲਬਾਤ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਉਪਰੋਕਤ ਮਾਮਲੇ ਨਾਲ ਸਥਾਨਕ ਸੰਗਤਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੋਣ ਵਿਚ ਹਾਰ ਗਿਆ ਹੈ ਤਾਂ ਨਵੀਂ ਚੋਣ ਹੋਈ ਹੈ ਤਾਂ ਚੁਣੇ ਹੋਏ ਅਹੁਦੇਦਾਰਾਂ ਨੂੰ ਕਾਰਜਭਾਰ ਸੌਂਪਣ ਦੀ ਬਜਾਏ ਸਾਬਕਾ ਜਨਰਲ ਸਕੱਤਰ ਤੇ ਸਕੱਤਰ ਨੇ ਦਫ਼ਤਰ ਨੂੰ ਤਾਲੇ ਮਾਰ ਕੇ ਚਾਬੀਆਂ ਨਾਲ ਲੈ ਗਏ ਹਨ। ਉਨ੍ਹਾਂ ਕਿਹਾ ਕਿ ਉਥੋਂ ਦਾ ਕੰਮਕਾਜ ਦਫ਼ਤਰ ਬੰਦ ਹੋਣ ਕਾਰਨ Wਕ ਗਿਆ ਹੈ, ਜਿਸ ਜਿਥੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਉਥੇ ਬਾਕੀ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੜਤਾਲੀਆਂ ਕਮੇਟੀ ਜਲਦ ਤੋਂ ਜਲਦ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ, ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਲੇਰੀ ਕਾਰਵਾਈ ਲਈ ਆਦੇਸ਼ ਜਾਰੀ ਹੋ ਸਕੇ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ, ਗੁਰਪ੍ਰੀਤ ਸਿੰਘ ਝੱਬਰ ਨੂੰ ਸ਼ਾਮਲ ਕੀਤਾ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਸਕੱਤਰ ਗੁਰਮੀਤ ਸਿੰਘ ਕੋਆਰਡੀਨੇਟਰ ਹੋਣਗੇ। ਇਹ ਕਮੇਟੀ ਤੁਰੰਤ ਪਟਨਾ ਸਾਹਿਬ ਜਾ ਕੇ ਪੁਰਾਣੀ ਕਮੇਟੀ ਕੋਲੋਂ ਚਾਰਜ ਲੈ ਕੇ ਨਵੀਂ ਕਮੇਟੀ ਨੂੰ ਸੌਂਪੇਗੀ।

 

Leave a Reply

Your email address will not be published. Required fields are marked *