ਨਵੀਂ ਦਿੱਲੀ- ਬੁੜੈਲ ਜੇਲ੍ਹ ਅੰਦਰ ਬੰਦ ਬੱਬਰ ਖਾਲਸਾ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਨੇ ਆਪਣੀ ਭੈਣ ਬੀਬੀ ਗੁਰਦੀਪ ਕੌਰ ਰਾਹੀ ਭੇਜੇ ਸੁਨੇਹੇ ਵਿਚ ਕਿਹਾ ਕਿ ਸ਼ਾਂਤੀ ਦੇ ਮਸੀਹਾ ਸ਼ਹੀਦ ਭਾਈ ਦਿਲਾਵਰ ਸਿੰਘ ਜੈਸਿੰਘ ਵਾਲਾ ਜਿਨ੍ਹਾਂ ਨੇ ਆਪਣੀ ਅਦੁਤੀ ਸ਼ਹਾਦਤ ਦੇ ਕੇ ਪੰਜਾਬ ਅੰਦਰ ਬੇਗੁਨਾਹਾਂ ਸਿੱਖਾਂ ਦੇ ਕੀਤੇ ਜਾ ਰਹੇ ਘਾਣ ਨੂੰ ਰੋਕਣ ਵਿਚ ਸਮੇਂ ਦੇ ਜਾਲਿਮ ਹਾਕਮ ਬੇਅੰਤ ਸਿੰਘ ਨੂੰ ਅਪਣੇ ਸ਼ਰੀਰ ਤੇ ਬੰਨੇ ਹੋਏ ਬੰਬ ਨਾਲ ਕੀਤੇ ਵੱਡੇ ਧਮਾਕੇ ਰਾਹੀ ਉਡਾ ਕੇ ਸਿੱਖ ਇਤਿਹਾਸ ਵਿਚ ਅਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖਵਾ ਦਿਤਾ ਸੀ’ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਭਾਈ ਸਾਹਿਬ ਨੂੰ ਕੌਮੀ ਸ਼ਹੀਦ ਦਾ ਦਰਜ਼ਾ ਦਿਤਾ ਗਿਆ ਹੈ, ਦੀ ਤਸਵੀਰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਜਾਇਬ ਘਰ ਵਿਚ ਜਰੂਰ ਲੱਗਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਵਲੋਂ ਬੇਗੁਨਾਹ ਸਿੱਖ ਨੌਜੁਆਨਾਂ ਤੇ ਅੱਤ ਦਾ ਕਹਿਰ ਢਾਇਆ ਜਾ ਰਿਹਾ ਸੀ ਤੇ ਲੱਖਾ ਦੀ ਤਾਦਾਦ ਵਿਚ ਸਿੱਖ ਨੌਜੁਆਨਾਂ, ਬੱਚਿਆਂ, ਬਜ਼ੁਰਗਾਂ ਨੂੰ ਅਣਪਛਾਤੀ ਲਾਸ਼ ਬਣਾ ਦਿਤਾ ਜਾ ਰਿਹਾ ਸੀ, ਘਰਾਂ ਦੇ ਘਰ ਉਜਾੜ ਦਿਤੇ ਗਏ ਸਨ ਤੇ ਇਸ ਸਮੇਂ ਬੱਬਰ ਖਾਲਸਾ ਦੀ ਟੀਮ ਨੇ ਇਸ ਨੂੰ ਦੇਖਦਿਆਂ ਪੰਜਾਬ ਦੇ ਮੁੱਖਮੰਤਰੀ ਬੇਅੰਤ ਸਿੰਘ ਜਿਸ ਨੇ ਪੰਜਾਬ ਪੁਲਿਸ ਨੂੰ ਹਰ ਤਰ੍ਹਾਂ ਦੀ ਮਨਮਾਨੀ ਕਰਣ ਦੀ ਖੁਲ ਦਿੱਤੀ ਸੀ ਨੂੰ ਖ਼ਤਮ ਕਰਣ ਦਾ ਕਾਰਜ ਸਿਰੇ ਚਾੜਨ ਲਈ ਕੀਤੀ ਗਈ ਇਕ ਵਿਓਤਬੰਧੀ ਵਿਚ 31 ਅਗਸਤ 1995 ਨੂੰ ਚੰਡੀਗੜ੍ਹ ਸਕਤਰੇਤ ਦੇ ਬਾਹਰ ਭਾਈ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਨ ਕੇ ਇਹ ਕਾਰਜ ਪੂਰਾ ਕੀਤਾ । ਉਨ੍ਹਾਂ ਕਿਹਾ ਭਾਈ ਸ਼ਹਿਬ ਦੀ ਅਦੁਤੀ ਸ਼ਹਾਦਤ ਨੂੰ ਦੇਖਦਿਆਂ ਉਨ੍ਹਾਂ ਦੀ ਤਸਵੀਰ ਅਜਾਇਬ ਘਰ ਵਿਚ ਬਹੁਤ ਪਹਿਲਾਂ ਹੀ ਲੱਗ ਜਾਣੀ ਚਾਹੀਦੀ ਸੀ ਪਰ ਸਰਕਾਰਾਂ ਵਲੋਂ ਸਿੱਖ ਇਤਿਹਾਸ ਨੂੰ ਖ਼ਤਮ ਕਰਣ ਦੀ ਸਾਜ਼ਿਸ਼ ਅੰਦਰ ਸਾਡੇ ਨੇਤਾਵਾਂ ਦੀ ਨਾਕਾਮੀਆਂ ਵੀ ਨਜ਼ਰੀ ਪੈਂਦੀਆਂ ਹਨ ਜਿਸ ਵਿਚ ਸਾਡੇ ਗੌਰਵਮਈ ਸ਼ਹੀਦਾਂ ਨੂੰ ਅਨਗੋਲਿਆ ਕਰਨਾ ਸਿੱਖ ਵਿਰਾਸਤਾ ਨੂੰ ਖ਼ਤਮ ਕਰਨਾ ਸ਼ਾਮਿਲ ਹੈ ।
ਭਾਈ ਭਿਓਰਾ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ, ਸਕੱਤਰ ਅਤੇ ਹੋਰ ਪੰਥ ਦੀਆਂ ਜੁੰਮੇਵਾਰ ਸ਼ਖਸ਼ਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 31 ਅਗਸਤ ਤੋਂ ਪਹਿਲਾਂ ਭਾਈ ਸਾਹਿਬ ਦੀ ਫੋਟੋ ਆਜ਼ਾਇਬਘਰ ਵਿਚ ਲਗਵਾਣ ਦਾ ਉਪਰਾਲਾ ਕੀਤਾ ਜਾਏ ਜੋ ਕਿ ਉਨ੍ਹਾਂ ਦੇ ਸ਼ਹਾਦਤ ਦਿਹਾੜੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਡੇਕ ਵਾਲਾ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ 31 ਅਗਸਤ ਨੂੰ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੀਆਂ ਕੌਮ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੇਸ਼ ਵਿਦੇਸ਼ਾਂ ਵਿਚ ਯਾਦਗਾਰ ਮਨਾਈ ਜਾਂਦੀ ਹੈ ਜਿਸ ਵਿਚ ਆਪ ਸਾਰਿਆਂ ਨੂੰ ਵੱਧ ਤੋਂ ਵੱਧ ਹਾਜ਼ਿਰੀਆਂ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਅਰਪਣ ਕਰਣ ਦੀ ਬੇਨਤੀ ਕੀਤੀ ਜਾਂਦੀ ਹੈ ।