ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 125 ਬੈਡਾਂ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਕੋਰੋਨ ਕਾਲ ਵਿਚ ਲੋਕਾਂ ਦੀ ਸੇਵਾ ਵਾਸਤੇ ਤਿਆਰ ਹੈ ਪਰ ਪਰਮਜੀਤ ਸਿੰਘ ਸਰਨਾ ਨੇ ਇਸਦੀ ਸ਼ੁਰੂਆਤ ਦੇ ਰਾਹ ਵਿਚ ਜੋ ਅੜਿਕੇ ਲਗਾਏ ਹਨ, ਉਹ ਜਲਦੀ ਹੀ ਕਾਨੂੰਨੀ ਤਰੀਕੇ ਨਾਲ ਦੂਰ ਕੀਤੇ ਜਾਣਗੇ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਦੁਨੀਆਂ ਦੀਆਂ ਵੱਖ ਵੱਖ ਸਰਕਾਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਦੀ ਸ਼ੁਰੂਆਤ ਵਿਚ ਸਿਰਫ 48 ਘੰਟੇ ਹੀ ਰਹਿ ਗਏ ਸਨ ਕਿ ਸਰਨਾ ਨੇ ਇਸ ਬਿਰਧ ਉਮਰ ਵਿਚ ਹਸਪਤਾਲ ਦੀ ਸ਼ੁਰੂਆਤ ਰੁਕਵਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਸਰਨਾ ਨੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਲਿਆਂ ਤੇ ਦਿੱਲੀ ਦੀਆਂ ਸੰਗਤਾਂ ਨਾਲ ਧਰੋਹ ਕਮਾਇਆ ਹੈ।
ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਕਾਨੂੰਨੀ ਰਾਇ ਲੈ ਰਹੇ ਹਾਂ ਤੇ ਜਲਦ ਹੀ ਇਹ ਅੜਿਕਾ ਕਾਨੂੰਨੀ ਤਰੀਕੇ ਨਾਲ ਦੂਰ ਕਰ ਕੇ ਹਸਪਤਾਲ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਜੋ ਕੋਰੋਨਾ ਕਾਲ ਵਿਚ ਕਿਸੇ ਮਰੀਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਕਿਹਾ ਕਿ ਸਰਨਾ ਨੂੰ ਸਿਰਫ ਇਹੀ ਤਕਲੀਫ ਹੈ ਕਿ ਜੇਕਰ ਹਸਪਤਾਲ ਸ਼ੁਰੂ ਹੋ ਗਿਆ ਤਾਂ ਮੇਰੇ ‘ਤੇ ਸਵਾਲ ਉਠਣਗੇ ਕਿ ਮੈਂ ਹਸਪਤਾਲ ਕਿਉਂ ਨਹੀਂ ਬਣਾਇਆ। ਉਹਨਾਂ ਕਿਹਾ ਕਿ ਸਰਨਾ ਨੇ ਇਹ ਵੀ ਨਹੀਂ ਸੋਚਿਆ ਕਿ ਜੇਕਰ ਕੋਰੋਨਾ ਕਾਲ ਵਿਚ ਹਸਪਤਾਲ ਸ਼ੁਰੂ ਨਾ ਹੋਇਆ ਤਾਂ ਫਿਰ ਮਰੀਜ਼ ਕਿਥੇ ਜਾਣਗੇ। ਪਹਿਲਾਂ ਹੀ ਦਿੱਲੀ ਵਿਚ ਸੈਂਕੜੇ ਜਾਨਾਂ ਸਿਰਫ ਇਸ ਕਰ ਕੇ ਗਈਆਂ ਹਨ ਕਿ ਮਰੀਜ਼ਾਂ ਨੁੰ ਹਸਪਤਾਲਾਂ ਵਿਚ ਬੈਡ ਨਹੀਂ ਮਿਲੇ।
ਉਹਨਾਂ ਕਿਹਾ ਕਿ ਅਸੀਂ ਤਾਂ ਹਮੇਸ਼ਾ ਸੰਗਤਾਂ ਦੀ ਸੇਵਾ ਵਾਸਤੇ ਤਤਪਰ ਹਾਂ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਮੰਤਰੀ ਲੋਕਾਂ ਦਾ ਖਿਆਲ ਕਰਦਿਆਂ ਦਿੱਲੀ ਕਮੇਟੀ ਨੂੰ ਆਖ ਰਹੇ ਹਨ ਕਿ 400 ਬੈਡਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਜਲਦੀ ਤੋਂ ਜਲਦੀ ਮੁੜ ਸ਼ੁਰੂ ਕੀਤਾ ਜਾਵੇ ਤੇ ਦੂਜੇ ਪਾਸੇ ਹਸਪਤਾਲਾਂ ਦੀ ਸ਼ੁਰੂਆਤ ਦੇ ਰਾਹ ਵਿਚ ਅੜਿਕੇ ਲਗਾਏ ਜਾ ਰਹੇ ਹਨ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਪੱਤਰਕਾਰਾਂ ਵੱਲੋਂ ਮਨਜੀਤ ਸਿੰਘ ਜੀ ਕੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਚੰਗਾ ਹੁੰਦਾ ਕਿ ਜੇਕਰ ਸਰਦਾਰ ਮਨਜੀਤ ਸਿੰਘ ਜੀ ਕੇ ਆਪ ਸਰਨਾ ਨੂੰ ਕਹਿੰਦੇ ਕਿ ਅਸੀਂ ਦੋਵੇਂ ਤਾਂ ਹਸਪਤਾਲ ਨਹੀਂ ਬਣਾ ਸਕੇ ਪਰ ਮਨਜਿੰਦਰ ਸਿੰਘ ਸਿਰਸਾ ਨੇ ਹਸਪਤਾਲ ਬਣਾ ਦਿੱਤਾਹੈ, ਇਸ ਲਈ ਇਸਦੀ ਸ਼ੁਰੂਆਤ ਦੀਅਰਦਾਸ ਵਿਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ ਪਰ ਉਹਨਾਂ ਘਟੀਆ ਰਾਜਨੀਤੀ ਤੇ ਉਲਟਾ ਬਾਬਾ ਹਰਬੰਸ ਸਿੰਘ ਜੀ ਤੇ ਬਾਬਾ ਬਚਨ ਸਿੰਘ ਜੀ ਦੀ ਸੇਵਾ ‘ਤੇਹੀ ਸਵਾਲ ਚੁੱਕ ਦਿੱਤੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਸਰਨਾ ਨੇ ਇਕ ਵੀਡੀਓ ਵਿਚ ਇਹ ਵੀ ਕਿਹਾ ਹੈ ਕਿ ਜਿਸਨੇ ਕੇਸ ਪਾਇਆ, ਉਸ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਦੋਹਤੇ ਦਾ ਯਾਨੀ ਆਪਣੀ ਬੇਟੀ ਦੇ ਬੇਟੇ ਦਾ ਸਗਾ ਨਹੀਂ ਹੋਸਕਿਆ ਉਹ ਸੰਗਤ ਦਾ ਕਿਵੇਂ ਹੋ ਸਕਦਾ ਹੈ।
ਸਰਦਾਰ ਸਿਰਸਾ ਨੇ ਇਹ ਵੀ ਐਲਾਨ ਕੀਤਾ ਕਿ ਹਸਪਤਾਲ ਵਿਚ ਕੀਤੀ ਜਾ ਰਹੀ ਸੁਖਮਾਨੀ ਸਾਹਿਬ ਦੀ ਪਾਠ ਦੀ ਸੇਵਾ ਤੇ ਅਰਦਾਸ ਇਸੇ ਤਰੀਕੇ ਜਾਰੀ ਰਹੇਗੀ। ਉਹਨਾਂ ਨੇ ਹਰਵਿੰਦਰ ਸਿੰਘ ਸਰਨਾ ਵੱਲੋਂ ਸੰਗਤਾਂ ਨੂੰ ਵਿਕਾਊ ਦੱਸਣ ਦੇ ਬਿਆਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ।
ਇਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਸੰਗਤਾਂ ਨੁੰ ਇਸ ਵੇਲੇ ਇਲਾਜ ਸਹੂਲਤਾਂ ਦੀ ਬਹੁਤ ਵੱਡੀ ਲੋੜ ਹੈ ਤੇ ਦਿੱਲੀ ਕਮੇਟੀ ਨੇ ਇਹ ਸਹੂਲਤਾਂ ਦੇਣ ਦਾ ਯਤਨ ਕੀਤਾ ਹੈ ਪਰ ਸਿਰਫ ਵੋਟਾਂ ਦੀ ਖਾਤਰ ਸਰਨਾ ਨੇ ਅਜਿਹੀ ਕੋਝੀ ਹਰਕਤ ਕੀਤੀ ਹੈ ਜੋ ਬੇਹੱਦ ਨਿੰਦਣਯੋਗ ਹੈ।

Leave a Reply

Your email address will not be published. Required fields are marked *