ਨਵੀਂ ਦਿੱਲੀ-“ਇੰਡੀਆ ਦੇ ਹੁਕਮਰਾਨ ਨਿਰੰਤਰ ਘੱਟ ਗਿਣਤੀ ਮੁਸਲਿਮ ਤੇ ਸਿੱਖਾਂ ਉਤੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਨਾਲ ਜ਼ਬਰ-ਜੁਲਮ ਹੀ ਨਹੀ ਕਰਦੇ ਆ ਰਹੇ ਹਨ, ਬਲਕਿ ਕਸ਼ਮੀਰੀਆਂ ਤੇ ਪੰਜਾਬੀ ਸਿੱਖਾਂ ਉਤੇ ਨਿਰੰਤਰ ਜ਼ਬਰ ਜਾਰੀ ਹਨ । ਇਥੋ ਤੱਕ ਕਿ ਇੰਡੀਅਨ ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਵਿਚ ਦੌਰੇ ਕਰਕੇ ਉਥੋਂ ਦੀਆਂ ਹਕੂਮਤਾਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ, ਹਰ ਕੁਦਰਤੀ ਆਫਤ ਸਮੇ ਅਤੇ ਦੀਨ ਦੁੱਖੀ ਦੇ ਦਰਦ ਨੂੰ ਦੂਰ ਕਰਨ ਸਮੇ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸਿੱਖ ਕੌਮ ਨੂੰ ਇਨ੍ਹਾਂ ਵੱਲੋ ‘ਅੱਤਵਾਦੀ’ ਦਾ ਨਾਮ ਦੇ ਕੇ ਬਦਨਾਮ ਕਰਨ ਦੇ ਅਤੇ ਪ੍ਰਚਾਰ ਕਰਨ ਦੇ ਸ਼ਰਮਨਾਕ ਅਮਲ ਹੁੰਦੇ ਆ ਰਹੇ ਹਨ । ਜਦੋਕਿ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਨੇ ਦੂਸਰੀ ਵਾਰ ਫਿਰ ਦੁਹਰਾਕੇ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਇੰਡੀਅਨ ਏਜੰਸੀਆ ਨੇ ਕੀਤਾ ਹੈ, ਇਨ੍ਹਾਂ ਦੇ ਜ਼ਬਰ ਨੂੰ ਸੰਸਾਰ ਸਾਹਮਣੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ । ਜਿਸ ਕਾਰਨ ਬੁਖਲਾਹਟ ਵਿਚ ਆ ਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਬਦਨਾਮ ਕਰਨ ਦੀ ਜਮਹੂਰੀਅਤ ਪਸ਼ੰਦ ਮੁਲਕ ਵਿਚ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋਂ ਨਿਰੰਤਰ ਲੰਮੇ ਸਮੇ ਤੋ ਘੱਟ ਗਿਣਤੀ ਸਿੱਖ ਕੌਮ ਅਤੇ ਮੁਸਲਿਮ ਕੌਮ ਉਤੇ ਕੀਤੇ ਜਾਂਦੇ ਆ ਰਹੇ ਨਾਜੀਆ ਦੀ ਤਰ੍ਹਾਂ ਜ਼ਬਰ ਵਿਰੁੱਧ ਸਖਤ ਸਟੈਂਡ ਲੈਦੇ ਹੋਏ ਅਤੇ ਸਿੱਖ ਕੌਮ ਨੂੰ ‘ਅੱਤਵਾਦੀ’ ਨਾਮ ਦੇ ਕੇ ਬਦਨਾਮ ਕਰਨ ਦੀ ਸਾਜਿਸ ਨੂੰ ਜਮਹੂਰੀਅਤ ਅਤੇ ਅਮਨਮਈ ਲੀਹਾਂ ਦਾ ਕਤਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਹੀ ਇਥੇ ਇਹ ਗੈਰ ਇਨਸਾਨੀਅਤ ਅਤੇ ਅਣਮਨੁੱਖੀ ਅਮਲ ਕਰਦੇ ਆ ਰਹੇ ਹਨ । ਇਨ੍ਹਾਂ ਏਜੰਸੀਆ ਵੱਲੋ ਅਜਿਹੇ ਕੰਮਾਂ ਲਈ ਕਰੋੜਾਂ-ਅਰਬਾਂ ਰੁਪਏ ਦੇ ਅਜਿਹੇ ਫੰਡ ਰੱਖੇ ਹੋਏ ਹਨ ਜਿਨ੍ਹਾਂ ਦਾ ਕਦੇ ਵੀ ਕੋਈ ਆਡਿਟ ਨਹੀ ਹੁੰਦਾ ਅਤੇ ਨਾ ਹੀ ਇਹ ਏਜੰਸੀਆ ਮੁਲਕ ਦੀ ਪਾਰਲੀਮੈਟ ਨੂੰ ਜੁਆਬਦੇਹ ਹਨ । ਇਨ੍ਹਾਂ ਵੱਲੋ ਹੀ ਸਿੱਖਾਂ ਤੇ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਕੇ ਜ਼ਬਰ ਢਾਹਿਆ ਜਾਂਦਾ ਆ ਰਿਹਾ ਹੈ । ਇਥੋ ਤੱਕ ਕਿ 32-32 ਸਾਲਾਂ ਤੋ ਸਿੱਖਾਂ ਨੂੰ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਇਆ ਹੋਇਆ ਹੈ । ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੀ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ । ਕੋਟਕਪੂਰਾ ਵਿਖੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ ਦੋ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ । ਸੌਦਾ ਸਾਧ ਤੇ ਉਸਦੇ ਚੇਲਿਆ ਵੱਲੋ ਅਨੇਕਾ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕੀਤੇ ਗਏ । ਕਿਸੇ ਵੀ ਮਸਲੇ ਵਿਚ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ਼ ਨਹੀ ਦਿੱਤਾ ਗਿਆ । ਇਸ ਹੋਈ ਬੇਇਨਸਾਫ਼ੀ ਦੀ ਬਦੌਲਤ ਹੀ ਸਿੱਖ ਨੌਜਵਾਨੀ ਦੇ ਮਨ ਵਿਚ ਰੋਹ ਸੀ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜ ਗਈ । ਭਾਈ ਅੰਮ੍ਰਿਤਪਾਲ ਸਿੰਘ ਜੋ ਨੌਜਵਾਨੀ ਨੂੰ ਨਸਿਆ ਤੋ ਦੂਰ ਕਰਨ ਅਤੇ ਗੁਰਸਿੱਖ ਬਣਾਉਣ ਦਾ ਜਮਹੂਰੀਅਤ ਢੰਗ ਨਾਲ ਪ੍ਰਚਾਰ ਕਰ ਰਹੇ ਸਨ ਉਨ੍ਹਾਂ ਨੂੰ ਜ਼ਬਰੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਕਾਲੇ ਕਾਨੂੰਨਾਂ ਤਹਿਤ ਬੰਦੀ ਬਣਾ ਦਿੱਤਾ ਗਿਆ । ਜਿਸ ਨਾਲ ਸਿੱਖ ਕੌਮ ਵਿਚ ਰੋਹ ਹੋਰ ਵੀ ਪ੍ਰਚੰਡ ਹੋ ਗਿਆ । ਇਨ੍ਹਾਂ ਹੁਕਮਰਾਨਾਂ ਨੇ ਭਾਈ ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਇਆ । ਕਿਉਂਕਿ ਭਾਈ ਸੁਭਦੀਪ ਸਿੰਘ ਵੀ ਖੁੱਲ੍ਹੇ ਰੂਪ ਵਿਚ ਦਲੀਲ ਨਾਲ ਖਾਲਿਸਤਾਨ ਦੀ ਗੱਲ ਕਰਨ ਲੱਗ ਪਏ ਸਨ । ਭਾਈ ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਆਦਿ ਸਭ ਸਿੱਖ ਨੌਜਵਾਨਾਂ ਦੇ ਕਤਲ ਇਨ੍ਹਾਂ ਏਜੰਸੀਆ ਵੱਲੋ ਕੀਤੇ ਗਏ ਹਨ ।