ਨਵੀਂ ਦਿੱਲੀ : ਸਾਬਕਾ ਕਾਂਗਰਸੀ ਸੰਸਦ ਮੈਂਬਰ ਅਤੇ 1984 ਸਿੱਖ ਨਸਲਕੁਸ਼ੀ ਮਾਮਲਿਆਂ ਦੇ ਦੋਸ਼ੀ ਸੱਜਣ ਕੁਮਾਰ ਨੇ ਬਿਮਾਰੀ ਆਧਾਰ ‘ਤੇ ਜ਼ਮਾਨਤ ਦਾਇਰ ਕੀਤੀ ਸੀ।
ਸੱਜਣ ਵਲੋਂ ਜ਼ਮਾਨਤ ਨੂੰ ਤੁਰੰਤ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਦੇ ਸਾਹਮਣੇ ਅਗਸਤ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਸੀ ।
ਇਸ ਤੋਂ ਪਹਿਲਾਂ, ਬੈਂਚ ਨੇ ਸੀਬੀਆਈ ਤੋਂ ਉਸ ਦੀ ਡਾਕਟਰੀ ਸਥਿਤੀ ਬਾਰੇ ਰਿਪੋਰਟ ਮੰਗੀ ਸੀ, ਜਦੋਂ 75 ਸਾਲਾ ਕੁਮਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ ਕਿਹਾ ਕਿ ਉਸਦੀ ਸਿਹਤ ਨਾਜ਼ੁਕ ਹੈ।
ਸੱਜਣ ਕੁਮਾਰ ਦੇ ਵਕੀਲ ਨੇ ਅੱਜ ਅਦਾਲਤ ਵਿਚ ਕਿਹਾ ਕਿ ਉਸ ਦਾ ਸੋਡੀਅਮ ਪੱਧਰ ਘੱਟ ਹੈ ਅਤੇ ਇਸ ਕਰਕੇ ਉਸ ਦਾ 18 ਕਿਲੋ ਭਾਰ ਘਟ ਗਿਆ ਹੈ। ਜਿਸ ਤੇ ਅਦਾਲਤ ਨੇ ਜ਼ੁਬਾਨੀ ਟਿੱਪਣੀ ਦਿੱਤੀ ਕਿ ਉਸ ਨੂੰ ਵੀਆਈਪੀ ਨਹੀਂ ਮੰਨਿਆ ਜਾ ਸਕਦਾ ਅਤੇ ਅਦਾਲਤ ਨੇ ਕਿਹਾ ਕਿ ਉਸ ਨੂੰ ਜੋ ਵੀ ਇਲਾਜ ਚਾਹੀਦਾ ਹੈ, ਅਦਾਲਤ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਉਹ ਇਲਾਜ ਮੁਹੱਈਆ ਕਰਵਾ ਸਕਦੀ ਹੈ ਪਰ ਅਦਾਲਤ ਨੇ ਉਸ ਨੂੰ ਮੈਡੀਕਲ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜਿਕਰਯੋਗ ਹੈ ਕਿ ਸੱਜਣ ਨੂੰ ਪਹਿਲਾਂ ਵੀ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਹ ਇਲਾਜ ਅਧੀਨ ਸਨ।
ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ 17 ਦਸੰਬਰ 1984 ਨੂੰ ਰਾਜ ਨਗਰ ਇਲਾਕੇ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਮਰ ਭਰ ਦੀ ਸਜ਼ਾ ਸੁਣਾਈ ਗਈ ਸੀ। ਹਾਈਕੋਰਟ ਦੇ ਉਸ ਫੈਸਲੇ ਦੇ ਖਿਲਾਫ ਉਸਦੀ ਅਪੀਲ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।
ਇਹ ਮਾਮਲਾ ਦੱਖਣੀ ਪੱਛਮੀ ਦਿੱਲੀ ਦੇ ਪਾਲਮ ਕਾਲੋਨੀ ਵਿੱਚ ਰਾਜ ਨਗਰ ਪਾਰਟ -1 ਖੇਤਰ ਵਿੱਚ 1-2 ਨਵੰਬਰ 1984 ਨੂੰ ਪੰਜ ਸਿੱਖਾਂ ਦੀ ਹੱਤਿਆ ਅਤੇ ਉਸ ਸਮੇਂ ਦੌਰਾਨ ਰਾਜ ਨਗਰ ਭਾਗ II ਵਿੱਚ ਇੱਕ ਗੁਰਦੁਆਰੇ ਨੂੰ ਸਾੜਨ ਨਾਲ ਸਬੰਧਤ ਹੈ। ਧਿਆਨਦੇਣ ਯੋਗ ਹੈ ਕਿ ਸੱਜਣ ਕੁਮਾਰ ਵਲੋਂ ਬਿਮਾਰੀ ਦੇ ਆਧਾਰ ਤੇ ਲਗਾਈ ਜਮਾਨਤਾਂ ਦੀ ਅਪੀਲ 13 ਮਈ 2020 ਅਤੇ 4 ਸਤੰਬਰ 2020 ਨੂੰ ਪਹਿਲਾਂ ਵੀ ਖਾਰਿਜ਼ ਹੋ ਚੁਕੀਆਂ ਹਨ ।
ਅਦਾਲਤ ਅੰਦਰ ਸੀਨੀਅਰ ਵਕੀਲ ਦੁਸ਼ਯੰਤ ਦਵੇ, ਸੀਨੀਅਰ ਵਕੀਲ ਐਚਐਸ ਫੂਲਕਾ ਅਤੇ ਵਕੀਲ ਹਰਪ੍ਰੀਤ ਸਿੰਘ ਹੋਰਾ ਪੀੜਤਾਂ ਵਲੋਂ ਪੇਸ਼ ਹੋਏ ਸਨ । ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਕਿਹਾ ਕਿ ਸੱਜਣ ਦੀ ਜ਼ਮਾਨਤ ਲੈਣ ਦੀਆਂ ਕੋਸ਼ਿਸ਼ਾਂ ‘ਤੇ ਇਤਰਾਜ਼ ਕੀਤਾ ਜਾਵੇਗਾ ਅਤੇ ਉਹ 1984 ਸਿੱਖ ਨਸਲਕੁਸ਼ੀ ਵਿਰੋਧੀ ਸਾਰੇ ਪੀੜਤਾਂ ਦੇ ਕੇਸ ਲੜਨਗੇ । ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਦਾਲਤ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਤੇ ਕਿਹਾ ਕਿ ਅਸੀ ਸੱਜਣ ਨੂੰ ਜੇਲ੍ਹ ਵਿਚ ਪਹੁੰਚਾਣ ਵਾਸਤੇ ਬਹੁਤ ਮੇਹਨਤ ਕੀਤੀ ਸੀ ਤੇ ਉਹ ਤਾ ਉਮਰ ਜੇਲ੍ਹ ਵਿਚ ਰਹੇ ਇਸ ਲਈ ਸਾਡੇ ਕੋਲੋਂ ਜੋ ਵੀ ਕਾਨੂੰਨਨ ਚਾਰਾਜੋਈ ਕਰਨੀ ਪਵੇਗੀ ਅਸੀ ਕਰਾਂਗੇ । ਸਿੱਖ ਕਤਲੇਆਮ ਦੇ ਪੀੜੀਤਾਂ ਨੇ ਵੀ ਅਦਾਲਤ ਦੇ ਇਸ ਫੈਸਲੇ ਤੇ ਸਹਮਤੀ ਪ੍ਰਗਟ ਕੀਤੀ ਹੈ ।