Sat. Dec 2nd, 2023


 

ਚੰਡੀਗੜ੍ਹ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਸਾਬਕਾ ਫੌਜੀਆਂ ਦੀ ਪੈਨਸ਼ਨ,  ਫੈਮਿਲੀ ਪੈਨਸ਼ਨ ਤੇ ਅਪੰਗਾ ਪੈਨਸ਼ਨ ਸਮੇਤ ਉਹਨਾਂ ਦੇ ਸਾਰੇ ਮਸਲੇ ਹਮਦਰਦੀ ਨਾਲ ਵਿਚਾਰ ਕੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ।

ਰੱਖਿਆ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਉਹਨਾਂ ਨੂੰ ਸੈਨਿਕ ਵੈਲਫੇਅਰ ਏਕਤਾ ਸੁਸਾਇਟੀ ਤੇ ਐਕਸ ਸਰਵਿਸਮੈਨ ਵੈਲਫੇਅਰ ਆਰਗੇਨਾਈਜੇਸ਼ਨ ਤੋਂ ਮੰਗ ਪੱਤਰ ਪ੍ਰਾਪਤ ਹੋਏ ਹਨ ਜੋ 20 ਫਰਵਰੀ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਕਰ ਰਹੇਹਨ  ਤੇ ਉਹਨਾਂ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ। ਉਹਨਾਂ ਕਿਹਾ ਕਿ ਸਾਡੇ ਸਾਬਕਾ ਫੌਜੀ ਸਾਡਾ ਮਾਣ ਹਨ। ਉਹਨਾਂ ਵੱਲੋਂ ਆਪਣੀ ਧਰਤੀ ਮਾਂ ਲਈ ਦਿੱਤੀਆਂ ਜਾਂਦੀਆਂ ਸ਼ਹਾਦਤਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਹ ਸਮਾਜ ਵਜੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਬੁਢਾਪੇ ਵਿਚ ਉਹਨਾਂ ਦਾ ਖਿਆਲ ਰੱਖੀਏ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਫੌਜੀਆਂ ਨੇ  ਪੈਨਸ਼ਨ,  ਫੈਮਿਲੀ ਪੈਨਸ਼ਨ ਤੇ ਅਪੰਗਤਾ ਪੈਨਸ਼ਨਾਂ ਵਿਚ ਤਰੁੱਟੀਆਂ ਦਾ ਜ਼ਿਕਰ ਕੀਤਾ ਹੈ।  ਉਹਨਾਂ ਕਿਹਾ ਕਿ ਜਿਹੜੇ ਜੇ ਸੀ ਓ ਤੇ ਜਵਾਨ ਪਹਿਲਾਂ ਸੇਵਾ ਮੁਕਤ ਹੋਏ ਹਨ ਉਹਨਾਂ ਨੂੰ ਇਕ ਰੈਂਕ ਇਕ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੀਆਂ ਪੈਨਸ਼ਨਾਂ ਗਲਤੀ ਔਸਤ ਦੇ ਆਧਾਰ ਤੇ ਤੈਅ ਕੀਤੀਆਂ ਗਈਆਂ ਹਨ ਜਦੋਂ ਕਿ ਇਹ ਮਿਲੀ ਵੱਧ ਤੋਂ ਵੱਧ ਤਨਖਾਹ ਦੇ ਆਧਾਰ ਤੇ ਤੈਅ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਫੈਮਿਲੀ ਪੈਨਸ਼ਨ ਵੀ ਮੌਜੂਦਾ 60 ਫੀਸਦੀ ਦੀ ਹੱਦ ਤੋਂ ਵਧਾਏ ਜਾਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੇ ਜੇ ਸੀ ਓਜ਼ ਤੇ ਜਵਾਨਾਂ ਲਈ ਅਪੰਗਤਾ ਪੈਨਸ਼ਨਾਂ ਤੈਅ ਕਰਨ ਵਿਚ ਤਰੁੱਟੀਆਂ ਦਾ ਵੀ ਜ਼ਿਕਰ ਕੀਤਾ ਹੈ ਜੋ ਦੂਰ ਕਰਨ ਦੀ ਲੋੜ ਹੈ।
ਉਹਨਾਂ ਸਾਹਮਣੇ ਪੇਸ਼ ਕੀਤੇ ਗਏ ਹੋਰ ਮਸਲਿਆਂ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਜੇ ਸੀ ਓ ਤੇ ਜਵਾਨਾਂ ਨੂੰ ਅਫਸਰਾਂ ਦੇ ਮੁਕਾਬਲੇ ਉਹਨਾਂ ਨੂੰ ਝਲਣੀਆਂ ਪੈਂਦੀਆਂ ਮੁਸ਼ਕਿਲਾਂ ਦੇ ਲਿਹਾਜ਼ ਨਾਲ ਘੱਟ ਫੌਜੀ ਸੇਵਾ ਤਨਖਾਹ ਮਿਲ ਰਹੀ ਹੈ  ਅਤੇ ਇਹ ਤਰੁੱਟੀ ਵੀ ਦੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਜ਼ੋਖ਼ਮ ਪਰੀਆਂ ਮੁਹਿੰਮਾਂ ਵਾਸਤੇ ਭੱਤਾ ਸਾਰੇ ਰੈਂਕਾਂ ਵਾਸਤੇ ਇਕਸਮਾਨ ਹੋਣਾ ਚਾਹੀਦਾ ਹੈ।
ਸਰਦਾਰਨੀ ਬਾਦਲ ਨੇ ਫੈਡਰੇਸ਼ਨ ਆਫ ਵੈਟਰਨਜ਼ ਐਸੋਸੀਏਸ਼ਨ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕਰ ਰਹੇ ਇਹਨਾਂ ਸਾਬਕਾ ਫੌਜੀਆਂ ਦੀਆਂ ਮੰਗਾਂ ਜਲਦੀ ਹੱਲ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਨਾ ਦੇਸ਼ ਦੇ ਹਿੱਤ ਵਿਚ ਵੀ ਹੋਵੇਗਾ ਕਿ ਸਾਬਕਾ ਫੌਜੀ ਆਪਣਾ ਧਰਨਾ ਛੇਤੀ ਤੋਂ ਛੇਤੀ ਖਤਮ ਕਰਨ।

 

Leave a Reply

Your email address will not be published. Required fields are marked *