ਨਵੀਂ ਦਿੱਲੀ – ਕਰਨਾਲ ਵਿੱਚ ਬੀਤੇ ਕਲ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਗਰੋਂ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਹਰਿਆਣਾ ਪੁਲਿਸ ਨੇ 130 ਕਿਸਾਨਾਂ ਖਿਲਾਫ ਸੜਕ ਜਾਮ ਕਰਨ ਤੇ ਪਥਰਾਅ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ ਹਨ ਤੇ ਇਸ ਦੇ ਨਾਲ ਹੀ ਨੂਹ ਵਿੱਚ ਮਹਾਪੰਚਾਇਤ ਵੀ ਸੱਦੀ ਗਈ ਹੈ।
ਜਿਕਰਯੋਗ ਹੈ ਕਿ ਕਲ ਕਰਨਾਲ ਵਿਖੇ ਭਾਜਪਾ ਦੇ ਨੇਤਾ ਇੱਕ ਮੀਟਿੰਗ ਵਿਚ ਸ਼ਾਮਿਲ ਹੋਏ ਸਨ ਜਿਸਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਸਾਨਾਂ ਨੇ ਘਰੋਂਡਾ ਟੋਲ ਟੈਕਸ ਤੇ ਸ਼ਾਂਤਮਈਂ ਧਰਨਾ ਲਗਾਇਆ ਸੀ, ਜਿਸ ਨੂੰ ਹਟਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਜਿਸ ਵਿਚ ਬਹੁਤ ਸਾਰੇ ਕਿਸਾਨ ਫਟੜ ਹੋਏ ਸਨ । ਕਿਸਾਨ ਲੀਡਰਾਂ ਨੇ ਕਿਹਾ ਕੱਲ੍ਹ ਕਰਨਾਲ ਵਿੱਚ ਕਿਸਾਨ, ਆਪਣੇ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ, ਬੀਜੇਪੀ ਨੇਤਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਹਰਿਆਣਾ ਸਰਕਾਰ ਨੇ ਕਿਸਾਨਾਂ ‘ਤੇ ਵਹਿਸ਼ੀ ਲਾਠੀਚਾਰਜ ਕਰਨ ਦੀ ਪਹਿਲਾਂ ਤੋਂ ਹੀ ਕੋਝੀ ਸਾਜਿਸ਼ ਰਚੀ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਕਰੀਬ 9 ਮਹੀਨੇ ਤੋਂ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਹਾਂ, ਸਰਕਾਰਾਂ ਸਾਡੇ ਪ੍ਰਦਰਸ਼ਨ ਤੋਂ ਘਬਰਾ ਚੁੱਕੀਆਂ ਹਨ। ਇਸ ਲਈ ਉਹ ਕੋਝੀਆਂ ਹਰਕਤਾਂ ਕਰ ਰਹੀਆਂ ਹਨ। ਇਕ ਅਫਸਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਕਹਿ ਰਿਹਾ ਹੈ, ਕਿ ਕੋਈ ਵੀ ਕਿਸਾਨ ਇਥੋਂ ਸਿਰ ਪਾਟੇ ਤੋਂ ਬੇਗ਼ੈਰ ਨਹੀਂ ਜਾਣਾ ਚਾਹੀਦਾ ਹੈ। ਇਹ ਅਫਸਰ ਕਿਸ ਤਰ੍ਹਾਂ ਦੀ ਸੋਚ ਵਾਲਾ ਹੋ ਸਕਦਾ ਹੈ, ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਜਿੰਨੀਆਂ ਮਰਜ਼ੀ ਡਾਂਗਾਂ ਮਾਰ ਲਵੋ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਉਨ੍ਹਾਂ ਨੇ ਕਿਹਾ ਕਿ, ਕਿਸਾਨਾਂ ਦੇ ਜਿੰਨੇ ਮਰਜ਼ੀ ਸਿਰ ਪਾੜ ਲਵੋ ਜਾ ਸਿਰ ਲਾਹ ਦਵੋ, ਇਥੇ ਸਿਰਾਂ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਗੇ ਤੋਂ ਸਰਕਾਰ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤਾਂ ਫਿਰ ਮਾਹੌਲ ਵੀ ਖਰਾਬ ਹੋ ਸਕਦਾ ਹੈ। ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ।

 

Leave a Reply

Your email address will not be published. Required fields are marked *