Fri. Dec 8th, 2023


ਨਵੀਂ ਦਿੱਲੀ -ਹਰਿਆਣਾ ਦੀਆਂ ਘਟਨਾਵਾਂ ਵਿੱਚ ਸਾਡੇ ਅਨੁਮਾਨ ਮੁਤਾਬਕ ਹੀ ਮੋੜ ਆ ਗਿਆ ਹੈ ।ਹੁਣ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਖ਼ੁਦ ਹੀ 28 ਅਗਸਤ 2021 ਨੂੰ ਕਰਨਾਲ ਵਿੱਚ ਪੁਲਿਸ ਦੀ ਬੇਰਹਿਮੀ ਨਾਲ ਕੀਤੀ ਗਈ ਕਾਰਵਾਈ ਦਾ ਬਚਾਅ ਕਰ ਰਹੇ ਹਨ । ਇਸ ਭਿਅੰਕਰ ਲਾਠੀ-ਚਾਰਜ ਵਿਚ ਪ੍ਰਦਰਸ਼ਨਕਾਰੀ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਚੌਟਾਲਾ ਦਾ ਇਹ ਬੇਹੱਦ ਸ਼ਰਮਨਾਕ ਕਾਰਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਇਸ ਦੀ ਕਰੜੀ ਨਿੰਦਾ ਕਰਦਾ ਹੈ।
ਐਸਕੇਐਮ ਮੰਗ ਕਰਦਾ ਹੈ ਕਿ ਐਸਡੀਐਮ ਆਯੂਸ਼ ਸਿਨਹਾ ਵਿਰੁੱਧ ਆਈਪੀਸੀ ਦੀ ਧਾਰਾ 302 ਦੇ ਤਹਿਤ ਤੁਰੰਤ ਕੇਸ ਦਰਜ ਕੀਤਾ ਜਾਵੇ । ਕਿਸਾਨਾਂ ਉੱਤੇ ਕਾਤਲਾਨਾ ਹਮਲੇ ਕਰਨ ਵਿੱਚ ਸ਼ਾਮਲ ਸਾਰੇ ਦੋਸ਼ੀ ਅਧਿਕਾਰੀ ਵਿਰੁੱਧ ਮੁਕੱਦਮੇ ਦਰਜ ਕਰਕੇ ਅਦਾਲਤ ਵਿਚ ਕੇਸ ਚਲਾਏ ਕੀਤੇ ਜਾਣ ਅਤੇ ਉਨ੍ਹਾਂ ਦੀ ਤੁਰੰਤ ਬਰਖ਼ਾਸਤਗੀ ਕੀਤੀ ਜਾਵੇ ਅਤੇ ਕਾਰਵਾਈ ਕੀਤੀ ਜਾਵੇ। ਇਸਤੋ ਇਲਾਵਾ ਸ਼ਹੀਦ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਨੂੰ ਪੱਚੀ ਲੱਖ ਰੁਪਏ ਦਾ ਮੁਆਵਜ਼ਾ ਅਤੇ ਘਟਨਾ ਵਿੱਚ ਜ਼ਖਮੀ ਹੋਏ ਕਿਸਾਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਹਰਿਆਣਾ ਪੁਲਿਸ ਨੂੰ ਕਿਸਾਨਾਂ ਵਿਰੁੱਧ ਦਰਜ ਸਾਰੇ ਝੂਠੇ ਕੇਸ ਵਾਪਸ ਲੈਣੇ ਚਾਹੀਦੇ ਹਨ ।ਇਹ ਫੈਸਲਾ ਕੱਲ ਕਰਨਾਲ ਦੇ ਘਰੌਂਡਾ ਵਿਖੇ ਕਿਸਾਨਾਂ ਦੀ ਇੱਕ ਵੱਡੀ ਮੀਟਿੰਗ ਵਿੱਚ ਲਿਆ ਗਿਆ। ਉਪਰੋਕਤ ਮੰਗਾਂ ਨੂੰ ਪੂਰਾ ਕਰਾਉਣ ਲਈ, ਜਿ਼ਲਾ ਪ੍ਰਸ਼ਾਸਨ ਨੂੰ 6 ਸਤੰਬਰ 2021 ਦੀ ਸਮਾਂ ਸੀਮਾ ਦਿੱਤੀ ਗਈ ਹੈ । ਪ੍ਰਸ਼ਾਸਨ ਵੱਲੋਂ ਮੰਗਾ ਮੰਨਣ ਵਿਚ ਅਸਫਲ ਰਹਿਣ ਦੀ ਸੂਰਤ ਵਿਚ ਕਿਸਾਨ ਯੂਨੀਅਨਾਂ ਨੇ ਕਰਨਾਲ ਵਿਚਲੇ ਮਿੰਨੀ ਸਕੱਤਰੇਤ ਦੀ ਅਣਮਿੱਥੇ ਸਮੇਂ ਲਈ ਘੇਰਾਬੰਦੀ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ।

ਸੰਯੁਕਤ ਕਿਸਾਨ ਮੋਰਚਾ ਨੇ ਕਰਨਾਲ ਪੁਲਿਸ ਦੀ ਬੇਰਹਿਮੀ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਅੰਬਾਲਾ ਦੇ ਸ਼ਹਿਜ਼ਾਦਪੁਰ ਥਾਣੇ ਵਿੱਚ ਰਾਜਮਾਰਗ ਨੂੰ ਰੋਕਣ ਦੇ ਦੋਸ਼ ਅਧੀਨ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਕੇਸਾਂ ਦੀ ਨਿਖੇਧੀ ਕੀਤੀ ਹੈ ।ਮੋਰਚੇ ਨੇ ਹਰਿਆਣਾ ਪੁਲਿਸ ਵਲੋਂ ਰਾਸ਼ਟਰੀ ਰਾਜਮਾਰਗ ਐਕਟ ਅਤੇ ਆਈਪੀਸੀ ਦੀ ਧਾਰਾ 109, 265 ਅਤੇ 283 ਦੇ ਤਹਿਤ ਦਰਜ ਕੀਤੇ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ।
ਭਾਜਪਾ ਦੇ ਆਗੂਆਂ ਨੂੰ ਵੱਖ -ਵੱਖ ਸੂਬਿਆ ਅੰਦਰ ਤਿੱਖੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉੱਤਰ ਪ੍ਰਦੇਸ਼ ਦੇ ਖਤੌਲੀ ਹਲਕੇ ਤੋਂ ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਨੂੰ ਕੱਲ੍ਹ ਮੀਰਾਪੁਰ ਦਲਪਤ ਪਹੁੰਚਣ ‘ਤੇ ਕਾਲੀਆਂ ਝੰਡੀਆਂ ਨਾਲ ਕੀਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਫਾਜ਼ਿਲਕਾ ਵਿੱਚ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਨੂੰ ਅੱਜ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ।
ਹਰਿਆਣਾ ਵਿੱਚ ਭਾਜਪਾ-ਜੇਜੇਪੀ ਸਰਕਾਰ ਦੀ ਪੁਲਿਸ ਦੀ ਬੇਰਹਿਮੀ ਦੀ ਨਾ ਸਿਰਫ ਹਰਿਆਣਾ, ਪੰਜਾਬ ਅਤੇ ਉਤਰਾਖੰਡ ਵਿੱਚ ਹੀ ਬਲਕਿ ਕਈ ਹੋਰ ਰਾਜਾਂ ਵਿੱਚ ਵੀ ਕਿਸਾਨਾਂ ਦੇ ਆਪ ਮੁਹਾਰੇ ਵਿਰੋਧ ਪ੍ਰਦਰਸ਼ਨਾਂ ਦੁਆਰਾ ਨਿੰਦਾ ਕੀਤੀ ਜਾ ਰਹੀ ਹੈ। ਇਨ੍ਹਾਂ ਰਾਜਾਂ ਵਿੱਚ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦਿਆਂ ਵੱਖ -ਵੱਖ ਥਾਵਾਂ ‘ਤੇ ਰਾਜਮਾਰਗਾਂ ਨੂੰ ਜਾਮ ਕਰ ਦਿੱਤਾ ਸੀ । ਇਸ ਗ਼ੁੱਸੇ ਦੀ ਗੂੰਜ ਬਿਹਾਰ, ਝਾਰਖੰਡ, ਉੜੀਸਾ ਅਤੇ ਮੱਧ ਪ੍ਰਦੇਸ਼ ਵਰਗੇ ਦੂਰ -ਦੁਰਾਡੇ ਦੇ ਰਾਜਾਂ ਵਿੱਚ ਵੀ ਸੁਣਾਈ ਦਿੱਤੀ ਹੈ । ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਜਬਰ ਵਿਰੁੱਧ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਰਾਜ ਸਰਕਾਰ ਦੇ ਹੋਰ ਮੰਤਰੀਆਂ ਦਾ ਇਹ ਬਿਆਨ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਵਿਰੋਧ ਦੇ ਪਿੱਛੇ ਹੈ, ਕਿਸਾਨਾਂ ਦਾ ਇੱਕ ਹੋਰ ਅਪਮਾਨ ਹੈ। ਰਾਜ ਸਰਕਾਰ ਦੇ ਮੰਤਰੀ ਵੀ ਪੰਜਾਬ ਅਤੇ ਯੂਪੀ ਦੇ ਕਿਸਾਨ ਨੇਤਾਵਾਂ ‘ਤੇ ਹਰਿਆਣਾ ਦੇ ਕਿਸਾਨਾਂ ਨੂੰ ਉਕਸਾਉਣ ਦੇ ਦੋਸ਼ ਲਗਾ ਰਹੇ ਹਨ। ਐਸਕੇਐਮ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਆਪਣੇ ਜੋਖਮ ‘ਤੇ ਹਰਿਆਣਾ ਦੇ ਕਿਸਾਨਾਂ ਦੇ ਗੁੱਸੇ ਅਤੇ ਸੰਕਲਪ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਐਸਕੇਐਮ ਨੇ ਇਨ੍ਹਾਂ ਨੇਤਾਵਾਂ ਨੂੰ ਰਾਜ ਭਰ ਵਿੱਚ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਕਿਸਾਨ ਇੱਕਜੁਟ ਹਨ ਅਤੇ ਅਜਿਹੀਆਂ ਚਾਲਾਂ ਦੇ ਅੱਗੇ ਨਹੀਂ ਝੁਕਣਗੇ।
ਉੱਤਰ ਪ੍ਰਦੇਸ਼ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਅਨੇਕਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜ਼ਿਹਨਾਂ ਵਿਚ ਪਿੰਡ ਵਾਸੀ 5 ਸਤੰਬਰ ਨੂੰ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀਆ ਤਿਆਰੀਆਂ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਵਲੋਂ ਇਹ ਕਾਰਜ “ਮਿਸ਼ਨ ਯੂਪੀ ਅਤੇ ਉਤਰਾਖੰਡ” ਦੇ ਇਕ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ । ਹਾਥਰਸ ਜ਼ਿਲ੍ਹੇ ਦੇ ਸਦਾਬਾਦ ਵਿੱਚ ਅੱਜ ਹਜ਼ਾਰਾਂ ਕਿਸਾਨਾਂ ਵਲੋ ਇਕ ਵੱਡੀ ਗਿਣਤੀ ਵਿੱਚ ਇਕੱਠੇ ਹੋਣਾ ਇਸੇ ਲਹਿਰ ਦੀ ਨਿਸ਼ਾਨੀ ਹੈ । ਇਸ ਤੋਂ ਇਲਾਵਾ ਪਿੰਡ ਪੱਧਰ ਦੀਆਂ ਮੀਟਿੰਗਾਂ ਵਿੱਚ ਵੀ ਵਧੀਆ ਇਕੱਠ ਹੋ ਰਹੇ ਹਨ । ਇਸ ਦੌਰਾਨ ਘਬਰਾਏ ਹੋਏ ਭਾਜਪਾ ਦੇ ਗੁੰਡਿਆਂ ਨੇ 5 ਸਤੰਬਰ ਤੋਂ ਪਹਿਲਾਂ ਹੀ ਸੂਬੇ ਦੇ ਕਿਸਾਨ ਆਗੂਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਅੱਜ ਸਵੇਰੇ ਭਾਜਪਾ ਦੇ ਗੁੰਡਿਆਂ ਦੇ ਇਸੇ ਗਰੋਹ ਨੇ ਅਲੀਗੜ੍ਹ ਵਿੱਚ ਇੱਕ ਕਿਸਾਨ ਆਗੂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਐਸਕੇਐਮ ਨੇ ਭਾਜਪਾ-ਆਰਐਸਐਸ ਵਰਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਧਮਕੀਆਂ ਭਰੀਆਂ ਹਰਕਤਾਂ ਤੋਂ ਬਾਜ ਆ ਜਾਣ ।

 

Leave a Reply

Your email address will not be published. Required fields are marked *