ਨਵੀਂ ਦਿੱਲੀ- ਫਰਾਂਸ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਜਾ ਰਹੇ 125 ਬੈਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜ਼ਨ ਪਲਾਂਟ ਕਮੇਟੀ ਕੋਲ ਪਹੁੰਚ ਗਿਆ ਹੈ।
ਇਸ ਪਲਾਂਟ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਫਰਾਂਸ ਨੇ ਨੋਵਾ ਆਕਸੀਜ਼ਨ ਜਨਰੇਟਰ ਭੇਜਿਆ ਹੈ ਜੋ 125 ਬੈਡਾਂ ਦੇ ਹਸਪਤਾਲ ਵਾਸਤੇ ਫਿੱਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਫਰਾਂਸ ਦੀ ਸਰਕਾਰ ਨੇ ਦੋ ਆਕਸੀਜ਼ਨ ਪਲਾਂਟ ਭੇਜੇ ਹਨ ਜਿਹਨਾਂ ਵਿਚੋਂ ਇਕ ਏਮਜ਼ ਲਈ ਭੇਜਿਆ ਗਿਆ ਹੈ ਤੇ ਦੂਜਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੰਗਤਾ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਹਸਪਤਾਲ ਵਾਸਤੇ ਭੇਜਿਆ ਗਿਆ ਹੈ। ਉਹਨਾਂ ਦੱਸਿਆ ਕਿ ਅਸੀਂ ਨਾ ਤਾਂ ਫਰਾਂਸ ਸਰਕਾਰ ਕੋਲ ਤੇ ਨਾ ਹੀ ਇਥੇ ਕਿਸੇ ਫਰਾਂਸੀਸੀ ਅਧਿਕਾਰੀ ਕੋਲ ਪਹੁੰਚ ਕੀਤੀ ਸੀ। ਫਰਾਂਸ ਸਰਕਾਰ ਨੇ ਦਿੱਲੀ ਕਮੇਟੀ ਵੱਲੋਂ ਸੰਗਤਾਂ ਦੇਸਹਿਯੋਗ ਨਾਲ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਆਪ ਇਹ ਪਲਾਂਟ ਭੇਜਣ ਦਾ ਫੈਸਲਾ ਕੀਤਾ।
ਸ੍ਰੀ ਸਿਰਸਾ ਨੇ ਦੱਸਿਆ ਕਿ ਜਿਵੇਂ ਕਮੇਟੀ ਨੇ ਪਹਿਲਾਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਰਿਕਾਰਡ 12 ਦਿਨਾਂ ਦੇ ਅੰਦਰ ਅੰਦਰ ਤਿਆਰ ਕੀਤਾ ਸੀ, ਇਸੇ ਤਰੀਕੇ ਇਹ ਹਸਪਤਾਲ ਰਿਕਾਰਡ 60 ਦਿਨਾਂ ਅੰਦਰ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਹਿਲਾ ਸੰਗਤਾਂ ਵੱਲੋਂ ਦਿੱਤਾ ਆਕਸੀਜ਼ਨ ਪਲਾਂਟ ਫਿੱਟ ਹੋ ਗਿਆ ਹੈ ਤੇ ਹੁਣ ਫਰਾਂ ਤੋਂ ਆਇਆ ਇਹ ਪਲਾਂਟ ਵੀ ਜਲਦੀ ਹੀ ਫਿੱਟ ਕੀਤਾ ਜਾਵੇਗਾ
ਉਹਨਾਂ ਦੱਸਿਆ ਕਿ ਇਹ 125 ਬੈਡਾਂ ਦਾ ਹਸਤਾਲ ਪਹਿਲਾਂ ਕੋਰੋਨਾ ਹਸਪਤਾਲ ਵਜੋਂ ਕੰਮ ਕਰੇਗਾ ਤੇ ਫਿਰ ਹਾਲਾਤ ਆਮ ਵਰਗੇ ਹੋਣ ‘ਤੇ ਜਨਰਲ ਹਸਪਤਾਲ ਬਣ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਿਚ 35 ਕਮਰੇ ਆਈ ਸੀ ਯੂ ਦੇ ਹੋਣਗੇ ਤੇ ਬੱਚਿਆਂ ਲਈ ਵਿਸ਼ੇਸ਼ ਵਾਰਡ ਬਣਾਏ ਜਾਣਗੇ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਹੀ ਟੈਸਟਾਂ ਦੀਆਂ ਸਾਰੀਆਂ ਸਹੂਲਤਾਂ ਹੋਣਗੀਆਂ।
ਸ੍ਰੀ ਸਿਰਸਾ ਨੇ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਵੀ ਸੰਗਤਾਂ ਦਾ ਧੰਨਵਾਦ ਕੀਤਾ।