ਨਵੀਂ ਦਿੱਲੀ – ਕਿਸਾਨ ਨੇਤਾ ਰਾਜੇਵਾਲ ਨੇ ਪ੍ਰੈਸ ਨਾਲ ਮਿਲਣੀ ਵਿਚ ਕਿਹਾ ਕਿ ਬੀਤੇ ਦਿਨੀਂ ਗੰਨੇ ਦੀਆ ਕੀਮਤਾਂ ’ਚ ਕੀਤੇ ਵਾਧੇ ਨੂੰ ਲੈ ਕੇ ਕਿਸਾਨਾਂ ਅਤੇ ਮੇਰੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਲਈ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਪਰ ਮਨੋਹਰ ਲਾਲ ਖੱਟੜ ਨੂੰ ਇਸ ਦੀ ਬੇਹੱਦ ਤਕਲੀਫ ਹੋਈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸਾਡਾ ਵਿਰੋਧੀ ਵੀ ਚੰਗਾ ਕੰਮ ਕਰੇ ਤਾਂ ਉਸ ਦੀ ਵੀ ਪ੍ਰੰਸ਼ਸਾ ਕਰਨੀ ਚਾਹੀਦੀ ਹੈ। ਉਨ੍ਹਾਂ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਮਾਮਲੇ ਵਿਚ ਮਨੋਹਰ ਲਾਲ ਖੱਟੜ ’ਤੇ ਨਿਸ਼ਾਨਾ ਵਿੰਨ੍ਹਦਿਆ ਕਿਹਾ ਕਿ ਇਹ ਜੋ ਕੁੱਝ ਵੀ ਹੋਇਆ ਹੈ ਪ੍ਰਸ਼ਾਸਨ ਦੀ ਸ਼ਹਿ ’ਤੇ ਹੋਇਆ ਹੈ ਤੇ ਇਹੋ-ਜਿਹਾ ਕੰਮ ਅੱਜ ਤੋਂ ਪਹਿਲਾਂ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ’ਤੇ ਕੀਤਾ ਸੀ ਤੇ ਹੁਣ ਕਰਨਾਲ ’ਚ ਦੁਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਕਰਨਾਲ ਨੇ ਪੁਲਿਸ ਨੂੰ ਕਿਹਾ ਕਿ ਜਿਹੜੇ ਕਿਸਾਨ ਅੱਗੇ ਵੱਧਣਗੇ ਉਨ੍ਹਾਂ ਦੇ ਸਿਰ ਪਾੜ ਦਿੱਤੇ ਜਾਣ, ਉਨ੍ਹਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਣ ਤੇ ਕੋਈ ਵੀ ਪਰਵਾਹ ਨਹੀਂ ਕਰਨੀ। ਰਾਜੇਵਾਲ ਦਾ ਕਹਿਣਾ ਹੈ ਕਿ ਇਹੋ-ਜਿਹਾ ਕੰਮ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਇਸ ਦੇ ਪਿੱਛੇ ਕੋਈ ਸ਼ਹਿ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਲਾਠੀਚਾਰਜ ਦੌਰਾਨ ਇਕ ਕਿਸਾਨ ਸ਼ਹੀਦ ਹੋ ਗਿਆ ਅਤੇ ਕਿਸਾਨਾਂ ਦੀ ਮੰਗ ਹੈ ਕਿ ਐੱਸ.ਡੀ.ਐੱਮ. ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਅਸਤੀਫ਼ਾ ਦੇਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਕਿਸਾਨਾਂ ’ਤੇ ਪੁੱਠੇ-ਸਿੱਧੇ ਇਲਜ਼ਾਮ ਲਗਾਏ ਗਏ ਹਨ ਜੋ ਕਿ ਗੈਰ ਜਿੰਮੇਵਾਰਾਣਾ ਹੈ ।

 

Leave a Reply

Your email address will not be published. Required fields are marked *