Thu. Mar 28th, 2024


 

 

ਨਵੀਂ ਦਿੱਲੀ- ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਵੱਲੋਂ ਕਰਵਾਏ ਗਏ “ਕਵੀ ਤੇ ਕਥਾਕਾਰ ਰੂ-ਬ-ਰੂ” ਪ੍ਰੋਗਰਾਮ ਵਿਚ ਪੰਜਾਬੀ ਦੇ

ਨਾਮਵਰ ਗ਼ਜ਼ਲਗੋ ਗੁਰਤੇਜ ਕੁਹਾਰਵਾਲਾ ਅਤੇ ਨਵੀਂ ਪੀੜ੍ਹੀ ਦੇ ਸਿਰਮੌਰ ਕਥਾਕਾਰ ਸਾਂਵਲ ਧਾਮੀ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਪ੍ਰੋਗਰਾਮ ਵਿਚ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਅਤੇ ਵਿਦਿਆਰਥੀਆਂ ਨਾਲ ਉਹਨਾਂ ਦਾ ਰਸਮੀ ਤੁਆਰਫ਼ ਕਰਵਾਉਂਦਿਆਂ ਵਿਭਾਗ ਦੇ ਮੁਖੀ, ਪ੍ਰੋ. ਰਵੀ ਰਵਿੰਦਰ ਜੀ ਨੇ ਸਾਹਿਤ ਅਤੇ ਸਾਹਿਤਕਾਰ ਦੀ ਜ਼ਿੰਮੇਵਾਰੀ ਨੂੰ ਯਥਾਰਥ ਦੀ ਪੇਸ਼ਕਾਰੀ, ਸੰਭਾਵਨਾਵਾਂ ਨੂੰ ਉਜਾਗਰ ਕਰਨ ਅਤੇ ਆਦਰਸ਼ਕ ਸਮਾਜ ਦੀ ਸਿਰਜਣਾ ਕਰਨ ਨਾਲ ਜੋੜਿਆ। ਉਹਨਾਂ ਕਿਹਾ ਕਿ ਪੰਜਾਬੀ ਦੇ ਇਹ ਦੋਵੇਂ ਸਾਹਿਤਕਾਰ ਆਪਣੀ ਸਾਹਿਤਕ

ਜ਼ਿੰਮੇਵਾਰੀ ਪ੍ਰਤੀ ਬਹੁਤ ਚੇਤੰਨ ਹਨ ਤੇ ਦੋਵਾਂ ਦੇ ਜੀਵਨ ਅਤੇ ਸਾਹਿਤ ਵਿਚ ਇਕਸੁਰਤਾ ਵੀ ਦਿਖਾਈ ਦਿੰਦੀ ਹੈ।ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਹਾਣੀਕਾਰ ਸਾਂਵਲ ਧਾਮੀ ਨੇ ਆਪਣੀ ਸਿਰਜਣ-ਪ੍ਰਕਿਰਿਆ ਬਾਰੇਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਿਰਜਣਾ

ਸ਼ੁਰੂਆਤੀ ਪੜਾਅ ਤੇ ਬਿਖਮ ਕਾਰਜ ਲਗਦਾ ਹੈ ਪਰ ਫਿਰ ਇਸ ਤੋਂ ਅਗਲੇਰਾ ਪੜਾਅ ਸਹਿਜਤਾ ਵਾਲਾ ਵੀ ਆਉਂਦਾ ਹੈ, ਉਹਨਾਂ ਇਹ ਵੀ ਕਿਹਾ ਕਿ ਲੇਖਕ ਨੂੰ ਪਹਿਲਾਂ ਖਿਆਲਾਂ ਦੀ ਉਡੀਕ ਕਰਨੀ ਪੈਂਦੀ ਹੈ ਫਿਰ ਖਿਆਲ ਵੀ ਲੇਖਕ ਦੀ ਉਡੀਕ ਕਰਦੇ ਹਨ। ਉਹਨਾਂ ਦੱਸਿਆ ਕਿ ਕਹਾਣੀਆਂ

ਸਾਡੇ ਆਲੇ-ਦੁਆਲੇ ਹੀ ਤੁਰੀਆਂ-ਫਿਰਦੀਆਂ ਹਨ ਬਸ ਉਹਨਾਂ ਨੂੰ ਪਛਾਨਣ ਵਾਲੀ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ।ਸਿਰਜਣ-ਪ੍ਰਕਿਰਿਆ ਲੇਖਕ ਨੂੰ ਅਣਜਾਣੇ ਰਾਹਾਂ ਦੀ ਸੈਰ ਵੀ ਕਰਵਾਉਂਦੀ ਹੈ। ਉਹਨਾਂ ਸਾਹਿਤ-ਅਧਿਐਨ ਨੂੰ ਸਾਹਿਤ-ਸਿਰਜਣਾ ਦਾ ਮੂਲ ਆਧਾਰ ਦੱਸਦਿਆਂ ਵਿਦਿਆਰਥੀਆਂ

ਨੂੰ ਨਿਰੰਤਰ ਸਾਹਿਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਪੰਜਾਬ ਦੀ ਵੰਡ ਨਾਲ ਸੰਬੰਧਤ ਆਪਣੇ ਕਾਰਜ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਲੇਖਕ ਦਾ ਉਚੇਰਾ ਆਦਰਸ਼ ਸਮਾਜਕ ਵੰਡੀਆਂ ਖ਼ਿਲਾਫ਼ ਖੜ੍ਹਨਾ ਹੁੰਦਾ ਹੈ ਅਤੇ ਸਾਹਿਤ ਨੇ ਹੀ ਮਨੁੱਖੀ ਸੰਵੇਦਨਾ ਨੂੰ

ਬਚਾ ਕੇ ਰੱਖਣਾ ਹੈ। ਇਸ ਤੋਂ ਬਾਅਦ ਸ਼ਾਇਰ ਗੁਰਤੇਜ ਕੁਹਾਰਵਾਲਾ ਨੇ ਕਵਿਤਾ ਦੀ ਸਿਰਜਣ-ਪ੍ਰਕਿਰਿਆ ਅਤੇ  ਕਵਿਤਾ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਕਵਿਤਾ ਦਾ ਸੱਚ ਬਹੁਤ ਸਾਰੇ ਸੱਚਾਂ ਨੂੰ ਮਿਲਾ ਕੇ ਬਣਦਾ ਹੈ ਅਤੇ

ਕਵਿਤਾ ਦੀ ਸੰਪੂਰਨਤਾ ਪਾਠਕ ਦੀ ਪੜ੍ਹਤ ਵਿਚ ਪਈ ਹੁੰਦੀ ਹੈ। ਵੱਖ-ਵੱਖ ਵਿਦਵਾਨਾਂ ਅਤੇ ਕਵੀਆਂ ਦੇ ਹਵਾਲੇ ਨਾਲਗੱਲ ਕਰਦਿਆਂ ਉਹਨਾਂ ਪੁਰਾਤਨ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਵਿਚ ਕਵਿਤਾ ਦੀ ਵਧ ਰਹੀ ਸਾਰਥਿਕਤਾ `ਤੇ ਜ਼ੋਰ ਦਿੱਤਾ। ਭਾਵੇਂ ਕਿ ਕਵਿਤਾ ਦੀ ਜ਼ਰੂਰਤ ਹਰ

ਸਮਾਜ `ਚ ਹਰ ਵੇਲੇ ਹੀ ਰਹੀ ਹੈ ਪਰ ਉਹਨਾਂ ਕਿਹਾ ਕਿ ਔਖੇ ਤੇ ਮਾਰੂ ਸਮਿਆਂ ਵਿਚ ਕਵਿਤਾ ਦੀ ਜ਼ਰੂਰਤ ਵਧੇਰੇ ਹੁੰਦੀ ਹੈ। ਅਖੀਰ ਵਿਚ ਉਹਨਾਂ ਆਪਣੀ ਸ਼ਾਇਰੀ ਨਾਲ ਵਿਦਿਆਰਥੀਆਂ ਨੂੰ ਮੰਤਰ-ਮੁਗਧ ਕੀਤਾ। ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰ ਰਹੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਰਸਮੀ ਧੰਨਵਾਦ ਡਾ. ਬਲਜਿੰਦਰ ਨਸਰਾਲੀ ਜੀ ਨੇ ਕੀਤਾ ਅਤੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੁਲਵੀਰ ਗੋਜਰਾ ਜੀ ਨੇ ਕੀਤਾ। ਇਸ ਮੌਕੇ ਡਾ. ਰਜਨੀ ਬਾਲਾ, ਡਾ. ਯਾਦਵਿੰਦਰ ਸਿੰਘ, ਡਾ. ਨਛੱਤਰ ਸਿੰਘ, ਡਾ. ਕੁਲਦੀਪ ਕੌਰ ਪਾਹਵਾ ਅਤੇ ਡਾ. ਰਵਿੰਦਰ ਕੌਰ

ਬੇਦੀ ਵੀ ਮੌਜੂਦ ਸਨ।

Leave a Reply

Your email address will not be published. Required fields are marked *