ਨਵੀਂ ਦਿੱਲੀ- ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਸ਼ਾਮੀ ਇਥੇ 1984 ਦੀ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ `ਚ ਮੋਮਬੱਤੀ ਮਾਰਚ ਕੱਢਿਆ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।ਇਹ ਮੋਮਬੱਤੀ ਮਾਰਚ ਗੁਰਦਵਾਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਸ਼ੁਰੂ ਹੋਇਆ ਜੋ `ਸੱਚ ਦੀ ਕੰਧ` `ਤੇ ਜਾ ਕੇ ਸਮਾਪਤ ਹੋਇਆ।ਇਸ ਰੋਸ
ਮਾਰਚ ਦੀ ਅਗਵਾਈ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤੀ।ਇਸ ਮੌਕੇ ਸ. ਕਾਲਕਾ ਨੇ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਅਜਿਹਾ ਵਰਤਾਰਾ ਹੈ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਕਦੇ ਭੁਲਾ
ਨਹੀਂ ਸਕਦੀ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ 37 ਵਰ੍ਹਿਆਂ ਦੌਰਾਨ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਦਾ ਬਚਾਅ ਕੀਤਾ ਹੈ ਤੇ ਸਿੱਖ ਕੌਮ ਨੇ ਹਮੇਸ਼ਾ ਉਨ੍ਹਾਂ ਦੋਸ਼ੀਆਂ ਨੁੰ ਸਜ਼ਾਵਾ ਦੁਆਉਣ ਲਈ ਸੰਘਰਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦਾ ਨਤੀਜਾ ਇਹ ਹੈ ਕਿ ਅੱਜ ਸੱਜਣ ਕੁਮਾਰ ਜੇਲ ਅੰਦਰ ਉਮਰ ਕੈਦ ਕੱਟ ਰਿਹਾ ਹੈ ਜਦਕਿ ਜਗਦੀਸ਼ ਟਾਈਟਲਰ ਕੇਸ ਦਾ ਸਾਹਮਣਾ ਕਰ ਰਿਹਾ ਹੈ ਤੇ ਕਮਲਨਾਥ ਦੇ ਖਿਲਾਫ ਕੇਸ ਮੁੜ੍ਹ ਖੋਲ੍ਹਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀ, ਸਾਡਾ ਸੰਘਰਸ਼ ਜਾਰੀ ਰਹੇਗਾ।ਸ. ਕਾਲਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਨਸਲਕੁਸ਼ੀ ਦੌਰਾਨ ਗਾਂਧੀ ਪਰਵਾਰ ਦੇ ਕਹਿਣ `ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਜੋ ਕਦੇ ਭੁਲਾਇਆ ਨਹੀਂ ਜਾ ਸਕਦਾ।