Sun. Mar 3rd, 2024


ਨਵੀਂ ਦਿੱਲੀ -25 ਸਾਲਾਂ ਤੋਂ ਬਾਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਸੰਬੰਧੀ ਤਿਵਾੜੀ ਕਮਿਸ਼ਨ ਦੀ ਰਿਪੋਰਟ ਤੋਂ ਬਾਦ ਵਿਦੇਸ਼ੀ ਸਿੱਖਾਂ ਵਿੱਚ ਭਾਰੀ ਰੋਹ ਹੈ । ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਤਸਰ ਸਾਹਿਬ ਕੋਲੋਂ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਣ ਦੀ ਮੰਗ ਕਰਦਿਆਂ ਕਿਹਾ ਕਿ ਸਤਿਕਾਰ ਯੋਗ ਜਥੇਦਾਰ ਰਘਵੀਰ ਸਿੰਘ ਜੀ ਆਪ ਜੀ ਨੂੰ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਮਿਲੀ ਹੈ । ਅੱਜ ਤੋਂ 25 ਸਾਲ ਪਹਿਲਾਂ ਇਸ ਅਸਥਾਨ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਉਸ ਵਕਤ ਦੀ ਜਾਲਮ ਹਕੂਮਤ ਦੇ ਕਰਿੰਦਿਆਂ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਸੀ । ਉਸ ਸੰਬੰਧ ਵਿੱਚ ਜੋ ਜਾਂਚ ਰਿਪੋਰਟ ਕਮੇਟੀ ਬਣਾਈ ਗਈ ਸੀ ਉਸਦੀ ਰਿਪੋਰਟ ਵੀ ਅੱਜ ਪੂਰੇ 31 ਸਾਲ ਬਾਦ ਜਨਤਕ ਹੋਈ ਹੈ । ਅਸੀਂ ਆਪ ਜੀ ਦਾ ਧਿਆਨ ਬੀ ਪੀ ਤਿਵਾੜੀ ਦੀ ਰਿਪੋਰਟ ਵੱਲ ਲਿਜਾਉਣਾ ਚਾਹੁੰਦੇ ਹਾਂ । ਸਿੱਖ ਕੌਮ ਨੇ ਕਈ ਦਹਾਕੇ ਬਹੁਤ ਹੀ ਘਿਨਾਉਣੇ ਜ਼ੁਲਮ ਹੰਢਾਏ ਹਨ ਜਿਨ੍ਹਾਂ ਜ਼ੁਲਮਾਂ ਦੀ ਲਪੇਟ ਵਿੱਚ ਉਸ ਸਮੇਂ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਵੀ ਆ ਗਏ ਆਮ ਸਿੱਖਾਂ ਦੀ ਕੀ ਹਾਲਤ ਹੋਵੇਗੀ ਤੁਸੀਂ ਭਲੀ ਭਾਂਤ ਸਮਝਦੇ ਹੋ । ਸਮੇਂ ਦੀਆਂ ਸਰਕਾਰਾਂ ਤੇ ਉਹਨਾਂ ਦੇ ਪੁਲਿਸ ਅਫ਼ਸਰਾਂ ਨੇ ਖੁੱਲ੍ਹੇ ਆਮ ਸਿੱਖਾਂ ਦੇ ਖੂਨ ਨਾਲ ਹੱਥ ਰੰਗੇ ਤੇ ਸਰਕਾਰਾਂ ਨੇ ਸਾਰੇ ਹੀ ਜਾਲਮ ਪੁਲਿਸ ਅਫ਼ਸਰਾਂ ਦੀ ਪੁਸ਼ਤ ਪਨਾਹੀ ਕੀਤੀ । ਕਿਸੇ ਵੀ ਦੋਸ਼ੀ ਪੁਲਿਸ ਅਫਸਰ ਖਿਲਾਫ ਕੋਈ ਕਾਰਵਾਈ ਨਹੀ ਹੋਈ । 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਸਿਰਸੇ ਵਾਲੇ ਕਾਂਡ ਤੱਕ, ਝੂਠੇ ਪੁਲਿਸ ਮੁਕਾਬਲੇ, ਜਥੇਦਾਰ ਕਾਂਉਕੇ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨਾ ਇਸਤੋ ਆਮ ਸਿੱਖਾਂ ਤੇ ਹੋਏ ਅਣਮਨੁੱਖੀ ਤਸ਼ੱਦਦ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ।ਸਭ ਤੋ ਵੱਡੀ ਭਾਜੀ ਸਿੱਖ ਕੌਮ ਤੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਐਲਾਨੀਆ ਤੌਰ ਤੇ ਬੇਅਦਬੀ ਦਾ ਦੌਰ ਚਲਾਉਣ ਤੋਂ ਬਾਦ ਸ਼ਾਤਮਈ ਬਾਣੀ ਪੜ੍ਹਦੇ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕਰਨਾ । ਸਾਰੇ ਤਸ਼ੱਦਦ ਦਾ ਦੌਰ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਦੀ ਪੁਸ਼ਤ ਪਨਾਹੀ ਕਰਨੀ ਉਹਨਾਂ ਨੂੰ ਤਰੱਕੀਆਂ ਦੇਣੀਆਂ ਸਿੱਖ ਪੰਥ ਨਾਲ ਬਹੁਕ ਵੱਡਾ ਧ੍ਰੋਹ ਬਾਦਲ, ਕੈਪਟਨ ਸਰਕਾਰ ਨੇ ਕਮਾਇਆ ਹੈ । ਪਰਮਜੀਤ ਸਿੰਘ ਉਮਰਾਨੰਗਲ, ਸਵਰਨੇ ਘੋਟਣੇ ਦਾ ਮੁੰਡਾ ਸੁਮੈਧ ਸੈਣੀ ਵਰਗੇ ਅਨੇਕਾਂ ਹੋਰ ਜਾਲਮ ਅਫ਼ਸਰਾਂ ਦੀ ਰਖਵਾਲੀ ਕਰਨ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਲਣ ਵਾਲਾ ਇੱਕ ਹੀ ਸ਼ਖਸ਼ ਪ੍ਰਕਾਸ਼ ਬਾਦਲ ਤੇ ਉਸਦਾ ਪੁੱਤ ਸੁਖਬੀਰ ਬਾਦਲ ਹੀ ਹੈ । ਸਾਰੇ ਵਰਤਾਰੇ ਦੇ ਨਾਲ ਸਿਰਸੇ ਵਾਲੇ ਕੋਲੋ ਗੁਰੂ ਸਾਹਿਬ ਦਾ ਸਵਾਂਗ ਰਚਾਉਣਾ ਤੇ ਫਿਰ ਵੋਟਾਂ ਖਾਤਰ ਬਿਨਾ ਮੰਗਿਆਂ ਉਸਨੂੰ ਮੁਆਫੀ ਦੇ ਸਿੱਖ ਕੌਮ ਦੇ ਹਿਰਦੇ ਵਲੂੰਧਰਨੇ ਅਤੇ ਕਰੋੜਾਂ ਰੁਪੈ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਰਬਾਦ ਕਰਨੇ ਵੀ ਪ੍ਰਕਾਸ਼ ਤੇ ਸੁਖਬੀਰ ਦੇ ਹਿੱਸੇ ਆਇਆ ਹੈ ।ਅੱਜ ਤੱਕ ਦੇ ਸਾਰੇ ਕਮਿਸ਼ਨ ਤੇ ਸਾਰੀਆਂ ਰਿਪੋਰਟਾਂ ਅਨੁਸਾਰ ਇਹ ਦੋਵੇਂ ਮੁੱਖ ਦੋਸ਼ੀਆਂ ਦੀ ਸੂਚੀ ਵਿੱਚ ਹਨ। ਪਰ ਸਾਬਕਾ ਜਥੇਦਾਰਾਂ ਪਾਸੋਂ ਆਪਣੀ ਦਹਿਸ਼ਤ ਦੇ ਸਿਰ ਤੇ ਫਖਰ ਏ ਕੌਮ ਦਾ ਮਾਣ ਲੈ ਚੁੱਕੇ ਹਨ । ਸਿੱਖ ਪੰਥ ਨੂੰ ਇਨਸਾਫ ਦੀ ਉਮੀਦ ਆਪ ਜੀ ਪਾਸੋਂ ਹੀ ਹੈ । ਤਿਵਾੜੀ ਕਮਿਸ਼ਨ ਦੀ ਰਿਪੋਰਟ ਅਨੁਸਾਰ ਜੋ ਵੀ ਦੋਸ਼ੀ ਹਨ ਉਹਨਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਸਿੱਖਾਂ ਦੇ ਸਰਬ ਉੱਚ ਅਸਥਾਨ ਦੇ ਸਰਬਰਾਹ ਹੋਣ ਦੇ ਨਾਤੇ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਦੇ ਕੇਸ ਦੀ ਪੈਰਵਾਈ ਲਈ ਆਪਣੀ ਦੇਖ ਰੇਖ ਹੇਠ ਕੋਈ ਕਮੇਟੀ ਨਿਯੁਕਤ ਕਰੋ । ਅਸੀਂ ਵਿਦੇਸ਼ੀਂ ਵਿੱਚ ਵੱਸਦੇ ਸਿੱਖ ਆਪ ਜੀ ਪਾਸੋਂ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਬਾਦਲ ਪ੍ਰੀਵਾਰ ਕੋਲ਼ੋਂ ਫਖਰ ਏ ਕੌਮ ਦਾ ਮਾਣ ਵਾਪਿਸ ਲਿਆ ਜਾਵੇ ਅਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਅਣਮਨੁੱਖੀ ਤਸ਼ੱਦਦ ਕਰਕੇ ਸਰੀਰ ਦੇ ਟੋਟੇ ਕਰਕੇ ਦਰਿਆ ਵਿੱਚ ਰੋੜ੍ਹਨ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ । ਲਾਵਾਰਿਸ ਕਹਿ ਕੇ ਸਿੱਖ ਨੌਜਵਾਨਾਂ ਦੀਆਂ ਲਾਸ਼ਾ ਦੀ ਸ਼ਨਾਖ਼ਤ ਕਰਨ ਵਾਲੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਵੀ ਇਹਨਾਂ ਬਾਦਲਾਂ ਦੀ ਸਰਕਾਰ ਨੇ ਲਾਸ਼ ਬਣਾ ਦਿੱਤਾ ਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਵਾਂਗ ਹੀ ਦਰਿਆ ਵਿੱਚ ਰੋੜ੍ਹ ਦਿੱਤਾ ਸੀ ।ਇਹ ਸਾਰੇ ਜ਼ੁਲਮਾਂ ਵਿੱਚ ਸੁਖਵੀਰ ਬਾਦਲ ਖੁਦ ਸ਼ਾਮਲ ਰਿਹਾ ਹੈ ਐਹੋ ਜਿਹਾ ਕਲੰਕਿਤ ਵਿਅਕਤੀ ਸਿੱਖ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਨਹੀ ਹੋ ਸਕਦਾ ਇਸ ਵਿਅਕਤੀ ਨੂੰ ਜਲਦੀ ਹੀ ਤਲਬ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ ।ਆਪ ਜੀ ਅਕਾਲੀ ਫੂਲਾ ਸਿੰਘ ਜੀ ਦੀ ਪਦਵੀ ਤੇ ਬਿਰਾਜਮਾਨ ਹੋ ਸਿੱਖ ਸੰਗਤਾਂ ਆਪ ਜੀ ਪਾਸੋਂ ਉਸ ਸੇਵਾ ਦੀ ਆਸ ਕਰਦੀਆਂ ਹਨ ਜੋ ਅਕਾਲੀ ਫੂਲਾ ਸਿੰਘ ਨੇ ਸਮੇਂ ਦੇ ਹੁਕਮਰਾਨਾਂ ਤੋਂ ਨਿਡਰ ਹੋ ਕੇ ਕੀਤੀ ਸੀ। ਇਹ ਸਮਾਂ ਬਹੁਤ ਨਾਜੁਕ ਹੈ ਸਿੱਖ ਹੱਕਾਂ ਦੀ ਗੱਲ ਪੂਰੇ ਸੰਸਾਰ ਦੇ ਅਗਾਂਹਵਧੂ ਮੁਲਕਾਂ ਵਿੱਚ ਚੱਲ ਰਹੀ ਹੈ । ਆਪ ਜੀ ਖੁੱਲ ਕੇ ਸਿੱਖਾਂ ਦੇ ਹੱਕਾਂ ਦੀ ਗੱਲ ਰੱਖੋ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਆਪ ਜੀ ਨਾਲ ਹੋ ਤੁਰਨਗੇ । ਸਾਨੂੰ ਪੂਰੀ ਆਸ ਹੈ ਆਪ ਜੀ ਸਾਡੀ ਬੇਨਤੀ ਪ੍ਰਵਾਨ ਕਰੋਗੇ । ਭਾਈ ਦੁਬਿੰਦਰਜੀਤ ਸਿੰਘ ਪ੍ਰਮੁੱਖ ਸਲਾਹਕਾਰ ਸਿੱਖ ਫੈਡਰੇਸ਼ਨ ਯੂਕੇ ਵਿਚ ਉਪਰੋਕਤ ਬਿਆਨ ਮੀਡੀਆ ਨੂੰ ਜਾਰੀ ਕੀਤਾ ਗਿਆ ।

Leave a Reply

Your email address will not be published. Required fields are marked *