ਨਵੀਂ ਦਿੱਲੀ -ਕੱਲ੍ਹ ਪੀਆਈਬੀ ਵੱਲੋਂ ਇੱਕ ਪ੍ਰੈੱਸ ਬਿਆਨ ਰਾਹੀਂ ਭਾਰਤ ਸਰਕਾਰ ਦੀ ਆਰਥਿਕ ਮਾਮਲਿਆਂ ਦੀ ਮੰਤਰੀ-ਮੰਡਲ ਦੀ ਸਮਿਤੀ ਨੇ ਕਿਹਾ ਕਿ ਖ਼ਾਦ ਦੀ ਲਾਗਤ ਦੇ ਵਾਧੇ ਦੀ ਭਰਪਾਈ ਲਈ ਸਰਕਾਰ ਨੇ ਸਬਸਿਡੀ ਦਿੱਤੀ ਹੈ। ਉਹ ਸਿਰਫ ਇੱਕ ਸੀਜ਼ਨ ਲਈ ਹੈ। ਜੋ ਖਰੀਫ-2021 ਲਈ ਲਾਗੂ ਹੈ। ਇਸਤੋਂ ਪ੍ਰਤੀਤ ਹੁੰਦਾ ਹੈ ਕਿ ਆਗਾਮੀ ਸੀਜ਼ਨ ‘ਚ ਕਿਸਾਨਾਂ ਨੂੰ ਖਾਦਾਂ ਦੀ ਵਧੀ ਹੋਈ ਲਾਗਤ ਦੀ ਖ਼ੁਦ ਭਰਪਾਈ ਕਰਨ ਲਈ ਕਿਹਾ ਜਾ ਸਕਦਾ ਹੈ।

ਡੀਜ਼ਲ ਦੀਆਂ ਕੀਮਤਾਂ ਸਮੇਤ ਵੱਖ-ਵੱਖ ਖ਼ਰਚੇ ਲਗਾਤਾਰ ਵਧ ਰਹੇ ਹਨ। ਪ੍ਰੰਤੂ ਬਜ਼ਾਰ ‘ਚ ਫਸਲਾਂ ਦੀ ਪੂਰੀ ਕੀਮਤ ਨਾ ਮਿਲਣ ਕਰਕੇ ਕਿਸਾਨਾਂ ਦਾ ਸੋਸ਼ਣ ਹੋ ਰਿਹਾ ਹੈ। ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੇ ਬਿਨਾਂ ਜਾਂ ਰਮੇਸ਼ ਚੰਦ ਕਮੇਟੀ ਅਨੁਸਾਰ ਲਾਗਤ ਅਨੁਮਾਨਾਂ ‘ਚ ਸੁਧਾਰ ਕੀਤੇ ਬਿਨਾਂ ਸਰਕਾਰ ਦਾ ਘੱਟੋ-ਘੱਟ ਸਮਰਥਨ ਮੁੱਲ ਮਹਿਜ਼ ਜ਼ੁਮਲਾ ਹੈ। ਸਰਕਾਰ ਲੱਖਾਂ ਕਿਸਾਨਾਂ ਦੇ ਸੰਘਰਸ਼ ਦੀਆਂ ਮੰਗਾਂ ‘ਚੋਂ ਇਸ ਅਹਿਮ ਮੰਗ ਨੂੰ ਪੂਰਾ ਕਰਨ ਲਈ ਵੀ ਸਰਕਾਰ ਨੇ ਕੋਈ ਕਦਮ ਨਹੀਂ ਉਠਾਇਆ।

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ ‘ਕੱਕਾ ਜੀ’, ਯੁੱਧਵੀਰ ਸਿੰਘ, ਯੋਗੇਂਦਰ ਯਾਦਵ
ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੁਬਾਰਾ ਮੰਗ ਦੁਹਰਾਉਂਦਾ ਹੈ ਕਿ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਦੇਣ ਲਈ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ। ਕਿਉਂਕਿ ਭਾਜਪਾ ਨੇ ਤਾਂ ਚੋਣਾਂ ਵੀ ਇਹਨਾਂ ਮੁੱਦਿਆਂ ‘ਤੇ ਲੜੀਆਂ ਅਤੇ ਜਿੱਤੀਆਂ ਸਨ।

ਉਨ੍ਹਾਂ ਦਸਿਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਕਾਰਨ ਕਿਸਾਨਾਂ ਵੱਲੋਂ ਭਾਜਪਾ-ਜਜਪਾ ਆਗੂਆਂ ਦਾ ਵਿਰੋਧ ਜਾਰੀ ਹੈ।  ਜੀਂਦ ਜ਼ਿਲੇ ਦੇ ਪਿੰਡ ਕੰਡੇਲਾ ਦਾ ਇਕ ਨੌਜਵਾਨ ਬਿਜਿੰਦਰ ਸਿੰਘ 26 ਜਨਵਰੀ ਨੂੰ ਟਰੈਕਟਰ ਪਰੇਡ ਤੋਂ ਲਾਪਤਾ ਹੈ ਅਤੇ ਪ੍ਰਸ਼ਾਸਨ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਲੱਭਣ ਲਈ ਵਾਰ-ਵਾਰ ਕੀਤੀ ਗਈ ਅਪੀਲ ਦਾ ਕੋਈ ਜਵਾਬ ਨਹੀਂ ਦੇ ਰਿਹਾ। ਝੱਜਰ ਵਿਖੇ ਭਾਜਪਾ ਦਫ਼ਤਰ ਲਈ ਨੀਂਹ ਪੱਥਰ ਰੱਖਣ ਦੇ ਵਿਰੋਧ ਵਿੱਚ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ਼ ਕੀਤੇ ਹਨ। ਇਨ੍ਹਾਂ ਨੂੰ ਤੁਰੰਤ ਬਿਨਾਂ ਸ਼ਰਤ ਵਾਪਸ ਲੈਣ ਦੀ ਲੋੜ ਹੈ।

ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ ਅੱਜ ਸਿੰਘੂ ਬਾਰਡਰ ‘ਤੇ ਕਿਸਾਨ ਦਫਤਰ ਵਿਖੇ ਮੀਟਿੰਗ ਕੀਤੀ। ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ 26 ਜੂਨ ਨੂੰ ਜਥੇਬੰਦੀਆਂ ਸਮੂਹ ਦੇ ਆਗੂ ਸਵੇਰੇ ਗਿਆਰਾਂ ਵਜੇ ਤੱਕ ਮੁਹਾਲੀ ਦੇ ਗੁਰੂਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਅਤੇ ਉੱਥੋਂ ਰਾਜਪਾਲ ਭਵਨ ਵੱਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਗਵਰਨਰ ਨੂੰ ਰੋਸ-ਪੱਤਰ ਸੌਂਪਿਆ ਜਾਵੇਗਾ।

ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਦੇ ਪਿੰਡ ਵਜੀਦਪੁਰ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ ਸਥਾਨਕ ਪ੍ਰਸ਼ਾਸਨ ਵੱਲੋਂ ਕੇਸ ਦਰਜ਼ ਕੀਤੇ ਜਾਣ ਦੀ ਜਥੇਬੰਦੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਯੂਨੀਅਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਆਗੂ ਅਤੇ ਹੋਰਨਾਂ ਖਿਲਾਫ ਜਿਨ੍ਹਾਂ ਨੇ ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਖਿਲਾਫ ਸ਼ਾਂਤਮਈ ਢੰਗ ਨਾਲ ਵਿਰੋਧ ਜਤਾਇਆ ਸੀ, ਵਿਰੁੱਧ ਦਰਜ਼ ਕੀਤੇ ਕੇਸ ਵਾਪਸ ਲਏ ਜਾਣ।

ਅੱਜ ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਸ਼ਹਾਦਤ ਦਿਹਾੜਾ ਹੈ, ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪ੍ਰਮੁੱਖ ਬਹਾਦਰ ਸ਼ਖਸੀਅਤ ਹਨ, ਅਤੇ ਬਸਤੀਵਾਦੀ ਸ਼ਾਸਕਾਂ ਦੇ ਵਿਰੁੱਧ ਵਿਰੋਧ ਦਾ ਚਰਚਿਤ ਪ੍ਰਤੀਕ ਹਨ।

ਬਾਰਸ਼ ਅਤੇ ਹੋਰ ਮੁਸੀਬਤਾਂ ਦੇ ਬਾਵਜੂਦ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੱਖ-ਵੱਖ ਰਾਜਾਂ ਤੋਂ ਕਿਸਾਨ-ਮੋਰਚਿਆਂ ਵਿਚ ਸ਼ਾਮਲ ਹੋ ਰਹੇ ਹਨ।

 

Leave a Reply

Your email address will not be published. Required fields are marked *