👉 ਦਿੱਲੀ ਕਮੇਟੀ ਵਿਚ ਕਾਬਿਜ ਹੋਣ ਤੇ ਬਾਦਲ ਦਸਣ ਉਨ੍ਹਾਂ ਮੈਨੂੰ ਕਿੰਨੇ ਪੈਸੇ ਦਿਤੇ : ਜੀਕੇ
👉 ਬਾਦਲਾਂ ਨੇ ਸਾਡਾ ਬੰਦਾ ਤੋੜਿਆ ਅਸੀ ਨਹੀਂ: ਸਰਨਾ
ਨਵੀਂ ਦਿੱਲੀ : ਬੀਤੇ ਕਲ ਅਕਾਲੀਆਂ ਵਲੋਂ ਚੋਣ ਡਾਇਰੈਕਟਰ ਨਾਲ ਕੀਤੀ ਕੁੱਟਮਾਰ ਪਿੱਛੋਂ ਅਜ ਉਨ੍ਹਾਂ ਤੇ ਦਿੱਲੀ ਪੁਲਿਸ ਵਲੋਂ ਸਖ਼ਤ ਧਾਰਾਵਾਂ ਹੇਠ ਐਫ ਆਈ ਆਰ ਦਰਜ਼ ਕਰ ਲਿਤੀ ਗਈ ਹੈ ਇਸ ਨੂੰ ਦੇਖਦਿਆਂ ਉਨ੍ਹਾਂ ਨੇ ਪ੍ਰੈਸ ਕੋਨਫਰੈਂਸ ਕਰਕੇ ਚੋਣ ਡਾਇਰੈਕਟਰ ਤੇ ਪਰਮਜੀਤ ਸਿੰਘ ਸਰਨਾ ਨਾਲ ਮਿਲੀਭੁਗਤ ਦੇ ਇਲਜਾਮ ਲਗਾਏ ਹਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਨਾ ਨੇ ਸਾਡੇ ਬੰਦੇ 2-2 ਕਰੋੜ ਵਿਚ ਖਰੀਦਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਚੋਣ ਡਾਇਰੈਕਟਰ ਨੇ ਉਨ੍ਹਾਂ ਦਾ ਸਾਥ ਦਿਤਾ । ਉਨ੍ਹਾਂ ਨੇ ਕਿਹਾ ਕਿ ਨਰਿੰਦਰ ਸਿੰਘ ਨੇ ਚੋਣ ਐਕਟ ਦੀ ਉਲੰਘਣਾ ਕੀਤੀ ਹੈ ਜਿਸ ਖਿਲਾਫ ਅਸੀ ਰਾਜਪਾਲ ਕੋਲ ਲਿਖਤੀ ਸ਼ਿਕਾਇਤ ਦਰਜ਼ ਕਰਵਾ ਰਹੇ ਹਾਂ । ਪਰਮਜੀਤ ਸਿੰਘ ਸਰਨਾ ਕੋਲੋਂ ਇਸ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਸਾਡੇ ਤੇ ਇਲਜਾਮ ਲਾਣ ਵਾਲੇ ਪਹਿਲਾਂ ਆਪਣੇ ਗਿਰੇਬਾਣ ਵਿਚ ਦੇਖਣ ਕਿ ਕੌਣ ਕਿਸਦਾ ਬੰਦਾ ਲੈ ਕੇ ਗਿਆ ਹੈ, ਉਨ੍ਹਾਂ ਕਿਹਾ ਕਿ ਉਹ ਲੋਕ ਸਿਰਫ ਝੂਠ ਬੋਲਦੇ ਹਨ ਤੇ ਸਚ ਇਹ ਹੈ ਕਿ ਉਨ੍ਹਾਂ ਨੇ ਸਾਡਾ ਬੰਦਾ ਸੁਖਬੀਰ ਸਿੰਘ ਕਾਲਰਾ ਤੋੜਿਆ ਹੈ ਨਾ ਕਿ ਅਸੀ । ਕਲ ਅਕਾਲੀਆਂ ਵਲੋਂ ਚੋਣ ਡਾਇਰੈਕਟਰ ਤੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਕਾਰਵਾਈ ਨੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਹੈ ਤੇ ਉਨ੍ਹਾਂ ਨੇ ਇਸ ਨੂੰ ਪੱਗ ਉੱਤੇ ਹਮਲਾ ਕਰਾਰ ਦਿਤਾ । ਕਮੇਟੀ ਵਲੋਂ ਮਨਜੀਤ ਸਿੰਘ ਜੀਕੇ ਤੇ ਵੀ ਸਰਨਾ ਭਰਾਵਾਂ ਕੋਲੋਂ ਪੈਸੇ ਲੈਕੇ ਉਨ੍ਹਾਂ ਦੇ ਹਕ਼ ਵਿਚ ਵੋਟ ਭੁਗਤਾਨ ਦਾ ਇਲਜਾਮ ਲਾਇਆ ਹੈ ਜਿਸ ਬਾਰੇ ਜੀਕੇ ਨੇ ਕਿਹਾ ਕਿ ਬਾਦਲ ਦਲ ਜੋ ਦਿੱਲੀ ਵਿਚ ਆਪਣੀ ਹੋਂਦ ਵੀ ਨਹੀਂ ਬਣਾ ਪਾਇਆ ਸੀ ਓਸ ਨੂੰ ਅਸੀ ਦਿੱਲੀ ਵਿਚ ਲੈਕੇ ਆਏ ਤੇ ਸਿਰਸਾ ਅਤੇ ਦੋਨੋ ਬਾਦਲ ਦਸਣ ਕਿ ਉਨ੍ਹਾਂ ਮੈਨੂੰ ਕਿੰਨੇ ਪੈਸੇ ਦਿਤੇ ਸਨ..? ਕਲ ਦੇ ਕਾਰੇ ਬਾਰੇ ਵੀ ਉਨ੍ਹਾਂ ਨੇ ਵੀ ਅਕਾਲੀਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਗੱਲ ਤੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਕਰਦੇ ਹਨ ਪਰ ਕਾਰੇ ਸੰਗਤ ਆਪ ਹੀ ਦੇਖ ਕੇ ਅੰਦਾਜ਼ਾ ਲਾ ਸਕਦੀ ਹੈ ।
ਜਿਕਰਯੋਗ ਹੈ ਕਿ ਬੀਤੇ ਕਲ ਅਕਾਲੀਆਂ ਵਲੋਂ ਸਿਰਸਾ ਦੀ ਐਸ ਜੀ ਪੀ ਸੀ ਵਲੋਂ ਨਾਮਜਦਗੀ ਵਿਚ ਚੋਣ ਕਮਿਸ਼ਨ ਵਲੋਂ ਦੇਰੀ ਹੋਣ ਕਰਕੇ ਚਲ ਰਹੀ ਗੱਲਬਾਤ ਵਿਚ ਗੰਦੀਆਂ ਗਾਲ੍ਹਾਂ ਕਢਣ ਉਪਰੰਤ ਦਿੱਲੀ ਪੁਲਿਸ ਦੀ ਸਖ਼ਤ ਵਿਚ ਚਲ ਰਹੇ ਚੋਣ ਡਾਇਰੈਕਟਰ ਉੱਤੇ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਵਲੋਂ ਜੁੱਤੀ ਸੂਟ ਦਿੱਤੀ ਗਈ ਸੀ । ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਵਲੋਂ ਇਨ੍ਹਾਂ ਖਿਲਾਫ ਐਫ ਆਈ ਆਰ ਦਰਜ਼ ਕਰ ਲਿਤੀ ਗਈ ਹੈ ।