ਨਵੀਂ ਦਿੱਲੀ-ਦਿੱਲੀ ਫਤਿਹ ਦਿਵਸ ਦੇ ਦੂਜੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਖਾਲਸਈ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਨੇ ਗੱਤਕਾ ਖੇਡਿਆ। ਦਿੱਲੀ ਫਤਿਹ ਦਿਵਸ ਦੇ ਦੂਜੇ ਦਿਨ ਜਮਨਾ ਬਜ਼ਾਰ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ ਜਿਸ ਵਿਚ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਤੇ ਹੋਰ ਨਿਹੰਗ ਸਿੰਘਾਂ ਦੇ ਜੱਥਿਆਂ ਨੇ ਘੋੜਿਆਂ ਅਤੇ ਹਾਥੀਆਂ ’ਤੇ ਚੜ੍ਹਕੇ ਸ਼ਮੂਲੀਅਤ ਕੀਤੀ ਅਤੇ ਗੱਤਕਾ ਟੀਮਾਂ ਨੇ ਸਾਰੇ ਰਸਤੇ ਵਿਚ ਗੱਤਕੇ ਦੇ ਜੌਹਰ ਵਿਖਾਏ।

ਇਸ ਮਾਰਚ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੁੱਚੇ ਅਹੁਦੇਦਾਰ ਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸੰਗਤਾਂ ਸਮੇਤ ਸ਼ਮੂਲੀਅਤ ਕੀਤੀ ਤੇ ਖੁਦ ਯਾਤਰਾ ਦੀ ਅਗਵਾਈ ਕੀਤੀ।
ਨਿਹੰਗ ਸਿੰਘਾਂ ਨੇ ਪੂਰੇ ਮਾਰਚ ਦੌਰਾਨ ਖਾਲਸਈ ਜਾਹੋ ਜਲਾਲ ਨਾਲ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਸ਼ਸ਼ਤਰ ਵੀ ਸਜਾਏ ਹੋਏ ਸਨ ਤੇ ਗੱਤਕਾਂ ਵੀ ਖੇਡਦੇ ਰਹੇ।
ਇਹ ਮਾਰਚ ਕਈ ਘੰਟਿਆਂ ਵਿਚ ਜਮਨਾ ਬਜ਼ਾਰ ਤੋਂ ਲਾਲ ਕਿਲ੍ਹੇ ਤੱਕ ਪਹੁੰਚ ਸਕਿਆ। ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਖਾਲਸਈ ਚੜ੍ਹਦੀਕਲਾ ਦਾ ਪ੍ਰਤੀਕ ਵੇਖ ਕੇ ਹਰ ਕੋਈ ਅਸ਼-ਅਸ਼ ਕਰ ਉਠਿਆ। ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਲ ਕਿਲ੍ਹੇ ’ਤੇ ਹਮਲਾ ਕਰ ਕੇ ਸ਼ਾਹ ਆਲਮ ਦੂਜੇ ਨੂੰ ਹਰਾਉਣ ਦੇ ਇਹ ਜਸ਼ਨ ਦਿੱਲੀ ਫਤਿਹ ਦਿਵਸ ਦੇ ਰੂਪ ਵਿਚ ਮਨਾਏ ਜਾਂਦੇ ਹਨ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਮੁਗਲਾਂ ਨੂੰ ਉਹਨਾਂ ਦੇ ਘਰਾਂ ਵਿਚ ਮਾਤ ਮਿਲੀ ਹੋਵੇ ਅਤੇ ਉਹ ਵੀ ਸਿੱਖ ਜਰਨੈਲਾਂ ਦੀ ਅਗਵਾਈ ਹੇਠ 30 ਹਜ਼ਾਰ ਦੀ ਫੌਜ ਨੇ ਮਾਤ ਦਿੱਤੀ ਹੈ। ਇਹਨਾਂ ਮਹਾਨ ਜਰਨੈਲਾਂ ਨੇ ਇਸ ਫਤਿਹ ਮਗਰੋਂ 10 ਮਹੀਨਿਆਂ ਤੱਕ ਦਿੱਲੀ ਵਿਚ ਡੇਰੇ ਲਗਾ ਕੇ ਗੁਰੂ ਸਾਹਿਬਾਨ ਨਾਲ ਜੁੜੇ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਤੇ ਉਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਿਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ ਤੇ ਹੋਰ ਗੁਰੂ ਘਰ ਸੁਸ਼ੋਭਿਤ ਹਨ।
ਇਸ ਮੌਕੇ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਕਮੇਟੀ ਦੇ ਮੁੱਖ ਸੇਵਾਦਾਰਾਂ ਦੇ ਰੂਪ ਵਿਚ ਉਹ ਭਾਰਤ ਸਰਕਾਰ ਨਾਲ ਮਿਲ ਕੇ ਉਸੇ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਮਨਾ ਰਹੇ ਹਨ ਜਿਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਹਨਾਂ ਕਿਹਾ ਕਿ ਜੇਕਰ ਅੱਜ ਕੌਮੀ ਰਾਜਧਾਨੀ ਵਿਚ ਸੰਗਤਾਂ ਗੁਰੂ ਘਰਾਂ ਦੇ ਦਰਸ਼ਨ ਕਰ ਕੇ ਜੀਵਨ ਸਫਲ ਕਰਦੀਆਂ ਹਨ ਤਾਂ ਤਿੰਨ ਮਹਾਨ ਜਰਨੈਲਾਂ ਦੀ ਬਦੌਲਤ ਹੀ ਹੈ। ਉਹਨਾਂ ਕਿਹਾ ਕਿ ਇਹਨਾਂ ਮਹਾਨ ਜਰਨੈਲਾਂ ਦੀ ਯਾਦਗਾਰ ਮਨਾਉਣਾ, ਸਿੱਖ ਕੌਮ ਲਈ ਵੱਡੇ ਭਾਗਾਂ ਵਾਲੀ ਗੱਲ ਹੈ।
ਮਾਰਚ ਦੀ ਸਮਾਪਤੀ ਮਗਰੋਂ ਲਾਲ ਕਿਲ੍ਹੇ ’ਤੇ ਹੀ ਵਿਦਿਆਰਥੀਆਂ ਦੇ ਗੱਤਕਾ ਮੁਕਾਬਲੇ ਵੀ ਕਰਵਾਏ ਗਏ।

Leave a Reply

Your email address will not be published. Required fields are marked *