ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਡਾਇਰੈਕਟਰ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਵੱਲੋਂ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਨਾਲ ਰਲ ਕੇ ਗਲਤ ਢੰਗ ਨਾਲ ਵਾਰਡਾਂ ਦੀ ਹੱਦਬੰਦੀ ਕੀਤੀ ਗਈ ਤੇ ਜਾਅਲੀ ਵੋਟਾਂ ਬਣਾਈਆਂ ਗਈਆਂ ਜਿਸ ਲਈ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਇਰ ਕੇਸ ਵਿਚ ਦਿੱਲੀ ਦੀ ਇਕ ਅਦਾਲਤ ਨੇ ਸਮੁੱਚਾ ਰਿਕਾਰਡ ਅਦਾਲਤ ਵਿਚ ਤਲਬ ਕਰ ਲਿਆ ਹੈ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਵੱਲੋਂ ਪਾਏ ਕੇਸ ਦੀ ਸੁਣਵਾਈ ਅੱਜ ਐਡੀਸ਼ਨਲ ਜ਼ਿਲ੍ਹਾ ਜੱਜ 4 ਸੈਂਟਰਲ ਤੀਸ ਹਜ਼ਾਰੀ ਕੋਰਟ ਅਜੈ ਸਿੰਘ ਸ਼ੇਖਾਵਤ ਦੀ ਅਦਾਲਤ ਵਿਚ ਹੋਈ। ਉਹਨਾਂ ਵੱਲੋਂ ਸੀਨੀਅਰ ਵਕੀਲ ਜੇ ਐਸ ਬਖਸ਼ੀ ਤੇ ਅਮਿਤੇਸ਼ ਸਿੰਘ ਬਖਸ਼ੀ ਪੇਸ਼ ਹੋਏ। ਉਹਨਾਂ ਨੇ ਮਾਣਯੋਗ ਜੱਜ ਨੁੰ ਦੱਸਿਆ ਕਿ ਕਿਵੇਂ ਡਾਇਰੈਕਟਰ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਨੇ ਅਕਾਲੀ ਦਲ ਦੇ ਵਿਰੋਧੀਆਂ ਨਾਲ ਰਲ ਕੇ ਗਲਤ ਹੱਦਬੰਦੀ ਕੀਤੀ ਤੇ ਜਾਅਲੀ ਵੋਟਾਂ ਬਣਾਈਆਂ। ਉਹਨਾਂ ਕਿਹਾ ਕਿ ਸਿਰਸਾ ਦੇ ਵਾਰਡ ਵਿਚ ਅਨੇਕਾਂ ਅਜਿਹੀਆਂ ਸੜਕਾਂ ਤੇ ਘਰ ਵਿਖਾਏ ਗਏ, ਜੋ ਅਸਲ ਵਿਚ ਉਥੇ ਮੌਜੂਦ ਹੀ ਨਹੀਂ ਹਨ। ਇਹਨਾਂ ਥਾਵਾਂ ‘ਤੇ ਵੋਟਰਾਂ ਦੀ ਰਜਿਸਟਰੇਸ਼ਨ ਗਲਤ ਢੰਗ ਨਾਲ ਕੀਤੀ ਗਈ।
ਸ੍ਰੀ ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਇਸ ਸਾਰੇ ਮਾਮਲੇ ਨੁੰ ਗੰਭੀਰਤਾ ਨਾਲ ਲੈਂਦਿਆਂ ਸਾਰਾ ਰਿਕਾਰਡ ਸੁਰੱਖਿਅਤ ਰੱਖਣ ਅਤੇ ਇਹ ਅਗਲੀ ਪੇਸ਼ੀ 28 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ।
ਸਰਦਾਰ ਸਿਰਸਾ ਨੇ ਕਿਹਾ ਕਿ ਸਰਨਾਂ ਧੜੇ ਨੇ ਪਹਿਲਾਂ ਜਿਸ ਢੰਗ ਨਾਲ ਡਾਇਰੈਕਟਰ ਨਾਲ ਰਲ ਕੇ ਨਕਲੀ ਵੋਟਾਂ ਬਣਾਈਆਂ ਤੇ ਗਲਤ ਹੱਦਬੰਦੀ ਕਰਵਾਈ, ਉਸੇ ਤਰੀਕੇ ਸਰਨਾ ਧੜਾ ਸ਼ੋ੍ਰਮਣੀ ਕਮੇਟੀ ਵੱਲੋਂ ਮੈਂਬਰ ਕੋਆਪਟ ਕਰਨ ਦੀ ਪ੍ਰਕਿਰਿਆ ਨੁੰ ਝੂਠ ਤੇ ਕੁਫਰ ਦੇ ਸਹਾਰੇ ਖਰਾਬ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਤੇ ਸੰਗਤ ਦੇ ਸਹਿਯੋਗ ਸਦਕਾ ਉਹ ਨਾ ਸਿਰਫ ਅਦਾਲਤ ਵਿਚ ਇਹ ਗਲਤ ਵੋਟਾਂ ਬਣਾਉਣ ਦਾ ਕੇਸ ਜਿੱਤਣਗੇ ਬਲਕਿ ਸ਼ੋ੍ਰਮਣੀ ਕਮੇਟੀ ਵੱਲੋਂ ਕੋਆਪਟ ਹੋ ਕੇ ਗੁਰੂ ਘਰ ਦੀ ਸੇਵਾ ਵੀ ਕਰਨਗੇ। ਵਿਰੋਧੀ ਭਾਵੇਂ ਜਿੰਨੀਆਂ ਮਰਜ਼ੀਆਂ ਸਾਜ਼ਿਸ਼ਾਂ ਲੈਣ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਤੇ ਹੁਣ ਵੀ ਹੋਵੇਗੀ।

 

Leave a Reply

Your email address will not be published. Required fields are marked *